ਇਕ ਦਿਨ ਵਿਚ ਚਾਰ ਵਾਰਦਾਤਾਂ, ਫਿਰ ਵੀ ਪੁਲਿਸ ਦੇ ਹੱਥ ਖਾਲੀ, ਕਾਨੂੰਨ-ਵਿਵਸਥਾ 'ਤੇ ਉੱਠੇ ਸਵਾਲ ਇਕ ਦਿਨ ਵਿਚ ਚਾਰ ਵਾਰਦਾਤਾਂ, ਫਿਰ ਵੀ ਪੁਲਿਸ ਦੇ ਹੱਥ ਖਾਲੀ, ਕਾਨੂੰਨ-ਵਿਵਸਥਾ 'ਤੇ ਉੱਠੇ ਸਵਾਲ
Publish Date: Thu, 23 Jul 2026 04:04 PM (IST)
Updated Date: Thu, 23 Jul 2026 04:04 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। 14 ਜੁਲਾਈ ਨੂੰ ਇਕ ਹੀ ਸ਼ੱਕੀ ਵਿਅਕਤੀ ਵੱਲੋਂ ਕਥਿਤ ਤੌਰ ਤੇ ਚਾਰ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਬਾਵਜੂਦ ਘਟਨਾ ਦੇ 9 ਦਿਨ ਬਾਅਦ ਵੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਲਗਾਤਾਰ ਵਾਪਰ ਰਹੀਆਂ ਚੋਰੀ ਅਤੇ ਝਪਟਮਾਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ ਤੇ ਪੁਲਿਸ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਵੀ ਵੱਧ ਰਹੀ ਹੈ। ਲੋਕ ਆਪਣੇ ਆਪ ਨੂੰ ਅਸਰੁੱਖਿਅਤ ਮਹਿਸੂਸ ਕਰਨ ਲੱਗੇ ਹਨ। ਜਾਣਕਾਰੀ ਅਨੁਸਾਰ 14 ਜੁਲਾਈ ਨੂੰ ਸਭ ਤੋਂ ਪਹਿਲਾਂ ਚੰਦਸਰ ਬਸਤੀ ਵਿਚ ਇਕ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ। ਸ਼ੱਕੀ ਵਿਅਕਤੀ ਨੇ ਕਥਿਤ ਤੌਰ ਤੇ ਉਸ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਕੁਝ ਸਮੇਂ ਬਾਅਦ ਮਾਡਲ ਟਾਊਨ ਫੇਜ਼-1 ਵਿਚ ਘਰ ਦੇ ਬਾਹਰ ਬੈਠੀ ਇੱਕ ਹੋਰ ਬਜ਼ੁਰਗ ਮਹਿਲਾ ਨਾਲ ਵੀ ਇਸੇ ਤਰ੍ਹਾਂ ਦੀ ਵਾਰਦਾਤ ਹੋਈ। ਉੱਥੇ ਵੀ ਉਸ ਦੀਆਂ ਕੰਨ੍ਹਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਗਈਆਂ। ਉਸੇ ਦਿਨ ਪ੍ਰਤਾਪ ਨਗਰ ਵਿਚ ਇਕ ਦੁਕਾਨ ਦੇ ਗੱਲੇ ਵਿਚੋਂ ਕਰੀਬ 15 ਹਜ਼ਾਰ ਰੁਪਏ ਚੋਰੀ ਕਰ ਲਏ ਗਏ। ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਬਾਹਰੋਂ ਇੱਕ ਮੋਟਰਸਾਈਕਲ ਵੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਥਿਤ ਤੌਰ ਤੇ ਚੋਰੀ ਕੀਤਾ ਗਿਆ ਇਹੀ ਮੋਟਰਸਾਈਕਲ ਬਾਅਦ ਵਿਚ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਕ ਹੀ ਵਿਅਕਤੀ ਇੱਕੋ ਦਿਨ ਵਿਚ ਵੱਖ-ਵੱਖ ਇਲਾਕਿਆਂ ਵਿਚ ਚਾਰ ਵਾਰਦਾਤਾਂ ਕਰ ਸਕਦਾ ਹੈ ਤਾਂ ਪੁਲਿਸ ਦੀ ਗਸ਼ਤ ਤੇ ਨਿਗਰਾਨੀ ਪ੍ਰਣਾਲੀ ਤੇ ਸਵਾਲ ਉੱਠਣਾ ਸੁਭਾਵਿਕ ਹੈ। ਲੋਕਾਂ ਦਾ ਦੋਸ਼ ਹੈ ਕਿ ਘਟਨਾਵਾਂ ਤੋਂ ਬਾਅਦ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਉਮੀਦਾਂ ਦੇ ਅਨੁਸਾਰ ਨਜ਼ਰ ਨਹੀਂ ਆ ਰਹੀ। ਲੋਕਾਂ ਨੇ ਦੱਸਿਆ ਕਿ ਕਈ ਥਾਵਾਂ ਤੋਂ ਘਟਨਾ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਪਰ ਇਸ ਦੇ ਬਾਵਜੂਦ ਕਥਿਤ ਦੋਸ਼ੀ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਲਗਾਤਾਰ ਵੱਧ ਰਹੀਆਂ ਝਪਟਮਾਰੀ ਅਤੇ ਚੋਰੀ ਦੀਆਂ ਘਟਨਾਵਾਂ ਕਾਰਨ ਖ਼ਾਸ ਕਰਕੇ ਬਜ਼ੁਰਗਾਂ ਅਤੇ ਮਹਿਲਾਵਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਦੀ ਜਲਦ ਗ੍ਰਿਫ਼ਤਾਰੀ ਕੀਤੀ ਜਾਵੇ ਅਤੇ ਇਲਾਕਿਆਂ ਵਿੱਚ ਗਸ਼ਤ ਵਧਾ ਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਤੇ ਕਾਬੂ ਪਾਉਣ ਲਈ ਪੁਲਿਸ ਨੂੰ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ। ਉੱਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸ਼ੱਕੀ ਵਿਅਕਤੀ ਦੀ ਪਛਾਣ ਲਈ ਤਕਨੀਕੀ ਸਬੂਤਾਂ ਅਤੇ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।