ਨਗਰ ਨਿਗਮ ਨੇ 70 ਲੱਖ ਰੁਪਏ ਦੀਆਂ ਦੋ ਅਤਿ-ਆਧੁਨਿਕ ਸਕਸ਼ਨ ਮਸ਼ੀਨਾਂ ਦੀ ਦਿੱਤੀ ਸੌਗਾਤ ਨਗਰ ਨਿਗਮ ਨੇ 70 ਲੱਖ ਰੁਪਏ ਦੀਆਂ ਦੋ ਅਤਿ-ਆਧੁਨਿਕ ਸਕਸ਼ਨ ਮਸ਼ੀਨਾਂ ਦੀ ਦਿੱਤੀ ਸੌਗਾਤ
Publish Date: Thu, 23 Jul 2026 04:02 PM (IST)
Updated Date: Thu, 23 Jul 2026 04:04 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਨੂੰ ਆਧੁਨਿਕ ਅਤੇ ਸਾਫ਼-ਸੁਥਰਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਬਠਿੰਡਾ ਨਗਰ ਨਿਗਮ ਨੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿਚ ਸ਼ਹਿਰ ਵਾਸੀਆਂ ਨੂੰ ਇਕ ਹੋਰ ਵੱਡੀ ਸੌਗਾਤ ਦਿੱਤੀ ਹੈ। ਨਗਰ ਨਿਗਮ ਵੱਲੋਂ ਲਗਭਗ 70 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਦੋ ਅਤਿ-ਆਧੁਨਿਕ ਹੈਵੀ ਡਿਊਟੀ ਸਕਸ਼ਨ ਮਸ਼ੀਨਾਂ (ਲਿਟਰ ਪਿਕਰ-ਡਰਾਈ ਅਤੇ ਵੈੱਟ ਵੇਸਟ ਕਲੈਕਸ਼ਨ ਮਸ਼ੀਨਾਂ) ਨੂੰ ਅੱਜ ਮੇਅਰ ਮਹਿਤਾ ਨੇ ਆਪਣੇ ਸਾਥੀ ਕੌਂਸਲਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਹਰੀ ਝੰਡੀ ਵਿਖਾ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਸਫ਼ਾਈ ਲਈ ਰਵਾਨਾ ਕੀਤਾ। ਇਸ ਦੌਰਾਨ ਮੇਅਰ ਨੇ ਦੋਵਾਂ ਮਸ਼ੀਨਾਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਤੋਂ ਉਨ੍ਹਾਂ ਦੀ ਕਾਰਜ-ਪ੍ਰਣਾਲੀ ਅਤੇ ਸੰਚਾਲਨ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਹਰ ਇੱਕ ਮਸ਼ੀਨ ਦੀ ਕੀਮਤ ਲਗਭਗ 35 ਲੱਖ ਰੁਪਏ ਹੈ ਅਤੇ ਦੋਵਾਂ ਮਸ਼ੀਨਾਂ ’ਤੇ ਕੁੱਲ 70 ਲੱਖ ਰੁਪਏ ਦੀ ਲਾਗਤ ਆਈ ਹੈ। ਇਨ੍ਹਾਂ ਮਸ਼ੀਨਾਂ ਦੇ ਸ਼ਾਮਲ ਹੋਣ ਨਾਲ ਨਗਰ ਨਿਗਮ ਦੀ ਸਫ਼ਾਈ ਪ੍ਰਣਾਲੀ ਹੋਰ ਆਧੁਨਿਕ, ਪ੍ਰਭਾਵਸ਼ਾਲੀ ਅਤੇ ਤੇਜ਼ ਹੋਵੇਗੀ। ਮਹਿਤਾ ਨੇ ਕਿਹਾ ਕਿ ਇਹ ਅਤਿ-ਆਧੁਨਿਕ ਹਾਈ ਸਕਸ਼ਨ ਮਸ਼ੀਨਾਂ ਸ਼ਹਿਰ ਦੀਆਂ ਮੁੱਖ ਸੜਕਾਂ, ਜੀ.ਟੀ. ਰੋਡ ਅਤੇ ਹੋਰ ਲੰਬੀਆਂ ਸੜਕਾਂ ’ਤੇ ਪਈ ਧੂੜ, ਮਿੱਟੀ, ਪਲਾਸਟਿਕ ਅਤੇ ਸੁੱਕੇ ਤੇ ਗਿੱਲੇ ਕੂੜੇ ਦੀ ਸਫ਼ਾਈ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਪਹਿਲਾਂ ਇਨ੍ਹਾਂ ਸੜਕਾਂ ਦੀ ਸਫ਼ਾਈ ਲਈ ਵੱਧ ਸਮਾਂ ਅਤੇ ਵੱਡੀ ਗਿਣਤੀ ਵਿੱਚ ਸਫ਼ਾਈ ਕਰਮਚਾਰੀਆਂ ਦੀ ਲੋੜ ਪੈਂਦੀ ਸੀ, ਪਰ ਹੁਣ ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਘੱਟ ਸਮੇਂ ਵਿਚ ਵੱਧ ਖੇਤਰ ਦੀ ਬਿਹਤਰ ਸਫ਼ਾਈ ਸੰਭਵ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਸੂਬੇ ਦੇ ਹਰ ਸ਼ਹਿਰ ਵਿੱਚ ਆਧੁਨਿਕ ਤਕਨਾਲੋਜੀ ਆਧਾਰਿਤ ਸਫ਼ਾਈ ਪ੍ਰਣਾਲੀ ਨੂੰ ਵਿਕਸਤ ਕਰਨਾ ਹੈ। ਇਸੇ ਨੀਤੀ ਅਨੁਸਾਰ ਨਗਰ ਨਿਗਮ ਵੀ ਲਗਾਤਾਰ ਨਵੀਂ ਤਕਨਾਲੋਜੀ ਨੂੰ ਅਪਣਾ ਕੇ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਾਤਾਵਰਣ ਪੱਖੋਂ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਮੁੱਖ ਸੜਕਾਂ ਦੀ ਸਫ਼ਾਈ ਮਸ਼ੀਨਾਂ ਰਾਹੀਂ ਹੋਣ ਨਾਲ ਸਫ਼ਾਈ ਕਰਮਚਾਰੀਆਂ ਨੂੰ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਅਤੇ ਹੋਰ ਅੰਦਰੂਨੀ ਇਲਾਕਿਆਂ ਦੀ ਸਫ਼ਾਈ ਲਈ ਵੱਧ ਸਮਾਂ ਮਿਲੇਗਾ। 70 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਇਹ ਦੋਵੇਂ ਅਤਿ-ਆਧੁਨਿਕ ਸਕਸ਼ਨ ਮਸ਼ੀਨਾਂ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਵਿੱਚ ਇਨਕਲਾਬੀ ਬਦਲਾਅ ਲਿਆਉਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਸਫ਼ਾਈ ਕਰਨਾ ਹੀ ਨਹੀਂ, ਸਗੋਂ ਬਠਿੰਡਾ ਨੂੰ ਪੰਜਾਬ ਦੇ ਸਭ ਤੋਂ ਸਾਫ਼-ਸੁਥਰੇ, ਸੁੰਦਰ ਅਤੇ ਵਿਕਸਿਤ ਸ਼ਹਿਰਾਂ ਵਿੱਚ ਸ਼ਾਮਲ ਕਰਨਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਗਰ ਨਿਗਮ ਦੀ ਸਫ਼ਾਈ ਮੁਹਿੰਮ ਵਿੱਚ ਸਰਗਰਮ ਸਹਿਯੋਗ ਦੇਣ, ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ ਅਤੇ ਸਾਫ਼-ਸੁਥਰੇ ਬਠਿੰਡੇ ਦੀ ਉਸਾਰੀ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਬਠਿੰਡਾ ਨੂੰ ਇੱਕ ਆਦਰਸ਼, ਸਾਫ਼-ਸੁਥਰਾ ਅਤੇ ਸੁੰਦਰ ਸ਼ਹਿਰ ਬਣਾਇਆ ਜਾ ਸਕਦਾ ਹੈ।