ਸੰਗਤ ਮੰਡੀ ਵਿਚ ਪਏ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਲਿਆਈ ਰੌਣਕ ਸੰਗਤ ਮੰਡੀ ਵਿਚ ਪਏ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਲਿਆਈ ਰੌਣਕ
Publish Date: Tue, 21 Jul 2026 04:26 PM (IST)
Updated Date: Tue, 21 Jul 2026 04:28 PM (IST)
ਧਰਮਪਾਲ ਸ਼ਰਮਾ, ਪੰਜਾਬੀ ਜਾਗਰਣ ਸੰਗਤ ਮੰਡੀ, ਸੰਗਤ ਮੰਡੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪਏ ਮੀਂਹ ਕਾਰਨ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਖੇਤੀਬਾੜੀ ਖੇਤਰ ਲਈ ਇਹ ਮੀਂਹ ਕਿਸੇ ਵਰਦਾਨ ਤੋਂ ਘੱਟ ਨਹੀਂ ਸਾਬਤ ਹੋਇਆ। ਇਸ ਸਾਉਣ ਮਹੀਨੇ ਦੇ ਪਏ ਇਸ ਪਹਿਲੀ ਮੀਂਹ ਨੇ ਝੋਨਾ, ਨਰਮਾ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ਤੇ ਮੁਸਕਾਨ ਲਿਆ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਅਤੇ ਹੁੰਮਸ ਕਾਰਨ ਫ਼ਸਲਾਂ ਦਾ ਲਗਾਤਾਰ ਨੁਕਸਾਨ ਹੋ ਰਿਹਾ ਸੀ, ਜਿਸ ਨੂੰ ਇਸ ਮੀਂਹ ਨੇ ਨਵਾਂ ਜੀਵਨ ਦਿੱਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਬਲਬੀਰ ਬੀਰਾ ਸੰਗਤ ਅਤੇ ਸਥਾਨਕ ਕਿਸਾਨਾਂ ਨੇ ਆਖਿਆ ਕਿ ਤੇਜ਼ ਧੁੱਪ ਅਤੇ ਪਾਣੀ ਦੀ ਘਾਟ ਕਾਰਨ ਖੇਤਾਂ ਵਿਚ ਝੋਨੇ ਦੇ ਡੱਕੇ ਮੱਚ ਰਹੇ ਸਨ। ਕਿਸਾਨਾਂ ਨੂੰ ਡਰ ਸੀ ਕਿ ਉਨ੍ਹਾਂ ਦੀ ਮਿਹਨਤ ਬਰਬਾਦ ਹੋ ਜਾਵੇਗੀ। ਪਰ ਅੱਜ ਪਏ ਮੀਂਹ ਨੇ ਝੋਨੇ ਦੀ ਫ਼ਸਲ ਨੂੰ ਖ਼ਰਾਬ ਹੋਣ ਤੋਂ ਬਚਾ ਲਿਆ ਹੈ। ਇਸ ਦੇ ਨਾਲ ਹੀ ਨਰਮੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦੀ ਫ਼ਸਲ ਲਈ ਵੀ ਇਹ ਪਾਣੀ ਬਹੁਤ ਲਾਹੇਵੰਦ ਸਾਬਤ ਹੋਵੇਗਾ। ਬਲਬੀਰ ਬੀਰਾ ਸੰਗਤ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਇਹ ਮੀਂਹ ਸਿਰਫ਼ ਫ਼ਸਲਾਂ ਲਈ ਹੀ ਨਹੀਂ, ਸਗੋਂ ਬੇਜ਼ੁਬਾਨ ਪਸ਼ੂਆਂ ਲਈ ਵੀ ਵੱਡੀ ਰਾਹਤ ਲੈ ਕੇ ਆਇਆ ਹੈ। ਖੇਤਾਂ ਅਤੇ ਚਾਰਾਗਾਹਾਂ ਵਿਚ ਸੁੱਕ ਰਿਹਾ ਹਰਾ ਚਾਰਾ ਹੁਣ ਦੁਬਾਰਾ ਹਰਿਆ-ਭਰਿਆ ਹੋ ਜਾਵੇਗਾ, ਜਿਸ ਨਾਲ ਪਸ਼ੂਆਂ ਦੇ ਖਾਣ ਲਈ ਵਧੀਆ ਅਤੇ ਪੌਸ਼ਟਿਕ ਚਾਰਾ ਉਪਲਬਧ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਖੇਤੀ ਸੈਕਟਰ ਲਈ ਬਿਜਲੀ ਦੀ ਸਪਲਾਈ ਬਹੁਤ ਵਧੀਆ ਦਿੱਤੀ ਗਈ ਹੈ, ਜਿਸ ਵਿਚ ਕੋਈ ਕਮੀ ਨਹੀਂ ਛੱਡੀ ਗਈ। ਪਰ ਫਿਰ ਵੀ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਅਤੇ ਅਤਿ ਦੀ ਗਰਮੀ ਕਾਰਨ ਝੋਨੇ ਦੇ ਖੇਤਾਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਸੀ। ਅਜਿਹੀ ਸਥਿਤੀ ਵਿਚ ਕੁਦਰਤ ਦੀ ਇਹ ਬਖਸ਼ਿਸ਼ ਬਹੁਤ ਸਹਾਈ ਸਾਬਤ ਹੋਈ ਹੈ। ਅਖੀਰ ਵਿਚ ਸਮਾਜ ਸੇਵੀ ਬਲਬੀਰ ਬੀਰਾ ਅਤੇ ਇਲਾਕੇ ਦੇ ਕਿਸਾਨਾਂ ਨੇ ਪਰਮਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈ । ਜਦੋਂ ਇਨਸਾਨੀ ਕੋਸ਼ਿਸ਼ਾਂ ਛੋਟੀਆਂ ਪੈ ਜਾਂਦੀਆਂ ਹਨ, ਤਾਂ ਕੁਦਰਤ ਆਪ ਰਹਿਮਤ ਕਰਦੀ ਹੈ। ਇਹ ਮੀਂਹ ਸਾਉਣ ਮਹੀਨੇ ਵਿਚ ਝੋਨਾ ਲਾਉਣ ਵਾਲੇ ਅਤੇ ਖੇਤੀ ਕਰਨ ਵਾਲੇ ਸਮੂਹ ਕਿਸਾਨਾਂ ਲਈ ਇਕ ਬਹੁਤ ਵੱਡੀ ਰਾਹਤ ਹੈ, ਜੋ ਆਉਣ ਵਾਲੇ ਦਿਨਾਂ ਵਿਚ ਚੰਗੀ ਮਿਹਨਤ ਅਤੇ ਵਧੀਆ ਝਾੜ ਦੀ ਉਮੀਦ ਜਗਾਉਂਦੀ ਹੈ।