ਮਲੂਕਾ ਨਰੇਗਾ ਤੇ ਸਫਾਈ ਸੇਵਕਾਂ ਦੇ ਹੱਕ 'ਚ ਨਿੱਤਰੇ ਮਲੂਕਾ ਨਰੇਗਾ ਅਤੇ ਸਫਾਈ ਸੇਵਕਾਂ ਦੇ ਹੱਕ 'ਚ ਨਿੱਤਰੇ
Publish Date: Tue, 21 Jul 2026 04:06 PM (IST)
Updated Date: Tue, 21 Jul 2026 04:07 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਖੰਨਾ ਵਿਖੇ ਆਪਣੀਆਂ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨਰੇਗਾ ਮੁਲਾਜ਼ਮਾਂ ’ਤੇ ਹੋਏ ਲਾਠੀਚਾਰਜ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਸਾਬਕਾ ਮੰਤਰੀ ਮਲੂਕਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਨੂੰ ਬੰਦ ਕਰਕੇ ਜੀ ਰਾਮ ਜੀ ਯੋਜਨਾ ਦੇ ਵਿਰੋਧ ਵਿਚ ਭਗਵੰਤ ਮਾਨ ਦੀ ਸਰਕਾਰ ਨੇ ਵਿਸ਼ੇਸ ਸੈਸ਼ਨ ਬੁਲਾ ਕੇ ਇਸ ਦੇ ਵਿਰੋਧ ਚ ਮਤਾ ਪਾਸ ਕੀਤਾ ਸੀ। ਸਰਕਾਰ ਨੇ ਲੋਕਾਂ ਨੂੰ ਗੁਮਰਾਹ ਕਰਨ ਲਈ ਮਤਾ ਪਾਸ ਕਰਨ ਦਾ ਡਰਾਮਾ ਕੀਤਾ ਕਿਉਂਕਿ ਕੇਂਦਰ ਸਰਕਾਰ ਦੀ ਤਹਿ ਕੀਤੀ ਤਰੀਕ ਤੋਂ ਅਤੇ ਕਈ ਭਾਜਪਾ ਸ਼ਾਸ਼ਿਤ ਸੂਬਿਆਂ ਤੋਂ ਵੀ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਜੀ ਰਾਮ ਜੀ ਯੋਜਨਾ ਨੂੰ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਸਿਰਫ਼ ਸਿਆਸੀ ਲਾਹਾ ਲੈਣ ਲਈ ਸਪੈਸ਼ਲ ਸਦਨ ਬੁਲਾ ਕੇ ਲੋਕਾਂ ਦਾ ਕਰੋੜਾਂ ਰੁਪਈਆ ਬਰਬਾਦ ਕੀਤਾ ਗਿਆ। ਨਰੇਗਾ ਮੁਲਾਜਿਮ ਤਕਰੀਬਨ 18 ਸਾਲਾਂ ਤੋਂ ਠੇਕਾ ਅਧਾਰਿਤ ਭਰਤੀ ’ਤੇ ਕੰਮ ਕਰਦੇ ਆ ਰਹੇ ਹਨ। ਭਗਵੰਤ ਮਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਨਾਂ ਤਾਂ ਉਨ੍ਹਾਂ ਨੂੰ ਪੱਕਾ ਕੀਤਾ ਤੇ ਨਾਂ ਹੀ ਨਰੇਗਾ ਮੁਲਾਜ਼ਮਾਂ ਦੀ ਤਨਖਾਹ ਵਧਾਈ। ਕੇਂਦਰ ਸਰਕਾਰ ਵੱਲੋਂ ਜਾਰੀ ਨਵੀਂ ਨੀਤੀ ’ਤੇ ਅਮਲ ਕਰਦਿਆਂ ਸੂਬਾ ਸਰਕਾਰ ਨਵੇਂ ਸਿਰੇ ਤੋਂ ਭਰਤੀ ਕਰਨ ਵੱਲ ਅੱਗੇ ਵਧ ਰਹੀ ਹੈ, ਜੋ ਨਰੇਗਾ ਚ ਲੰਬੇ ਸਮੇ ਤੋਂ ਕੰਮ ਕਰ ਰਹੇ ਮੁਲਾਜ਼ਮਾ ਨਾਲ ਸ਼ਰੇਆਮ ਧੋਖਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਖੰਨਾ ਵਿਖੇ ਪੰਚਾਇਤ ਮੰਤਰੀ ਦੀ ਸ਼ਹਿ ’ਤੇ ਪੁਲਿਸ ਨੇ ਮੁਲਾਜ਼ਮਾਂ ’ਤੇ ਰੱਜ ਕੇ ਤੱਸ਼ਦਦ ਕੀਤਾ, ਸਰਕਾਰ ਸੱਤਾ ਦੇ ਹੰਕਾਰ ਵਿਚ ਸੂਬੇ ਚ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਲੱਗਣ ਵਾਲ਼ੇ ਧਰਨਿਆਂ ਨੂੰ ਸਰਕਾਰ ਨਾਲ ਪੁਲਿਸ ਬਲ ਨਾਲ ਦਬਾਉਣ ਦੀ ਨੀਤੀ ’ਤੇ ਚੱਲ ਰਹੀ ਹੈ। ਮੁੱਖ ਮੰਤਰੀ ਜਾਂ ਮੰਤਰੀ ਕਿਸੇ ਵੀ ਜਥੇਬੰਦੀ ਨਾਲ ਗੱਲਬਾਤ ਲਈ ਅੱਗੇ ਨਹੀਂ ਆਉਂਦਾ। ਇਸ ਤੋਂ ਇਲਾਵਾ ਸੂਬੇ ਵਿਚ ਸਫਾਈ ਸੇਵਕ ਵੀ ਆਪਣੀ ਤਨਖਾਹ ਵਧਾਉਣ ਲਈ ਲੰਬੇ ਸਮੇ ਤੋਂ ਹੜਤਾਲ ਕਰ ਰਹੇ ਹਨ। ਸਫਾਈ ਸੇਵਕ ਬਹੁਤ ਘੱਟ ਤਨਖ਼ਾਹ ’ਤੇ ਸਭ ਤੋਂ ਮੁਸ਼ਕਿਲ ਕੰਮ ਕਰਦੇ ਹਨ, ਸਰਕਾਰ ਨੂੰ ਸਫਾਈ ਸੇਵਕਾਂ ਨਾਲ ਤੁਰੰਤ ਮੀਟਿੰਗ ਕਰਕੇ ਇੰਨਾ ਦੀਆਂ ਮੰਗਾ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ।