ਜ਼ਿਲ੍ਹੇ ਅੰਦਰ ਟੀਚੇ ਤੋਂ ਵੱਧ ਹੋਈ ਝੋਨੇ ਦੀ ਸਿੱਧੀ ਬਿਜਾਈ, 10 ਹਜ਼ਾਰ ਏਕੜ ਦੇ ਮੁਕਾਬਲੇ 17,500 ਏਕੜ ਰਕਬੇ ’ਚ ਹੋਈ ਬਿਜਾਈ ਜ਼ਿਲ੍ਹੇ ਅੰਦਰ ਟੀਚੇ ਤੋਂ ਵੱਧ ਹੋਈ ਝੋਨੇ ਦੀ ਸਿੱਧੀ ਬਿਜਾਈ, 10 ਹਜ਼ਾਰ ਏਕੜ ਦੇ ਮੁਕਾਬਲੇ 17,500 ਏਕੜ ਰਕਬੇ ਵਿੱਚ ਹੋਈ ਬਿਜਾਈ
Publish Date: Tue, 21 Jul 2026 04:02 PM (IST)
Updated Date: Tue, 21 Jul 2026 04:04 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਵਿਚ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ (ਡੀਐਸਆਰ) ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਇਸ ਸੀਜ਼ਨ ਦੌਰਾਨ 10 ਹਜ਼ਾਰ ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਸੀ, ਪਰ ਕਿਸਾਨਾਂ ਦੀ ਵਧਦੀ ਦਿਲਚਸਪੀ ਕਾਰਨ ਇਹ ਟੀਚਾ ਕਾਫ਼ੀ ਪਹਿਲਾਂ ਹੀ ਪਾਰ ਹੋ ਗਿਆ ਹੈ। ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤਕ ਜ਼ਿਲ੍ਹੇ ਵਿੱਚ ਲਗਭਗ 17,500 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਚੁੱਕੀ ਹੈ, ਜੋ ਕਿ ਨਿਰਧਾਰਤ ਟੀਚੇ ਨਾਲੋਂ 75 ਫੀਸਦੀ ਵੱਧ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿੱਧੀ ਬਿਜਾਈ ਦੀ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਸਮੇਂ-ਸਮੇਂ ਤੇ ਜਾਗਰੂਕ ਕੀਤਾ ਗਿਆ। ਪਿੰਡ ਪੱਧਰ ਤੇ ਕੈਂਪ ਲਗਾ ਕੇ ਇਸ ਵਿਧੀ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਕਿਸਾਨਾਂ ਨੂੰ ਤਕਨੀਕੀ ਸਲਾਹ ਅਤੇ ਲੋੜੀਂਦੀ ਮਦਦ ਵੀ ਮੁਹੱਈਆ ਕਰਵਾਈ ਗਈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਸ ਤਕਨੀਕ ਨੂੰ ਅਪਣਾਇਆ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਕਾਫ਼ੀ ਬਚਤ ਹੁੰਦੀ ਹੈ। ਰਵਾਇਤੀ ਢੰਗ ਨਾਲ ਲਗਾਏ ਜਾਣ ਵਾਲੇ ਝੋਨੇ ਦੇ ਮੁਕਾਬਲੇ ਇਸ ਵਿਧੀ ਵਿਚ ਘੱਟ ਸਿੰਚਾਈ ਦੀ ਲੋੜ ਪੈਂਦੀ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਸੰਭਾਲ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਮਜ਼ਦੂਰੀ ਦੀ ਲਾਗਤ ਘਟਦੀ ਹੈ ਅਤੇ ਕਿਸਾਨਾਂ ਦਾ ਸਮਾਂ ਵੀ ਬਚਦਾ ਹੈ। ਇਹ ਤਕਨੀਕ ਵਾਤਾਵਰਣ ਪੱਖੋਂ ਵੀ ਲਾਭਕਾਰੀ ਮੰਨੀ ਜਾਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਸਿੱਧੀ ਬਿਜਾਈ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਮਜ਼ਦੂਰਾਂ ਦੀ ਘਾਟ ਅਤੇ ਵਧਦੀ ਲਾਗਤ ਨੂੰ ਦੇਖਦੇ ਹੋਏ ਇਹ ਤਰੀਕਾ ਉਨ੍ਹਾਂ ਲਈ ਵਧੀਆ ਵਿਕਲਪ ਬਣਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਨਦੀਨ ਪ੍ਰਬੰਧਨ ਅਤੇ ਹੋਰ ਸਿਫ਼ਾਰਸ਼ੀ ਤਕਨੀਕਾਂ ਦੀ ਪਾਲਣਾ ਕੀਤੀ ਜਾਵੇ ਤਾਂ ਇਸ ਵਿਧੀ ਨਾਲ ਵੀ ਚੰਗੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾਕਟਰ ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਚਤ ਹੁੰਦੀ ਹੈ ਉੱਥੇ ਹੀ ਇਸ ਨਾਲ ਕਿਸਾਨਾਂ ਦਾ ਖਰਚਾ ਵੀ ਬਹੁਤ ਘੱਟ ਜਾਂਦਾ ਹੈ ਕਿਉਂਕਿ ਕੱਦੂ ਕਰਕੇ ਝੋਨਾ ਲਾਉਣ ਨਾਲ ਪਾਣੀ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਨਾਲ 10 ਫੀਸਦੀ ਤੋਂ 20 ਫ਼ੀਸਦੀ ਪਾਣੀ ਦੀ ਬਚਤ ਹੁੰਦੀ ਹੈ ਅਤੇ ਜ਼ਮੀਨ ਹੇਠਲੇ ਪਾਣੀ ਦਾ 10-12 ਫੀਸਦੀ ਜ਼ਿਆਦਾ ਰੀਚਾਰਜ ਹੋ ਜਾਂਦਾ ਹੈ, ਬਿਮਾਰੀਆਂ ਵੀ ਘੱਟ ਲੱਗਦੀਆਂ ਹਨ ਅਤੇ ਅਗਲੀ ਕਣਕ ਦੀ ਫਸਲ ਦਾ 100 ਕਿਲੋ ਪ੍ਰਤੀ ਏਕੜ ਝਾੜ ਵੀ ਵਧ ਜਾਂਦਾ ਹੈ ਅਤੇ ਖੇਤ ਇਕ ਹਫਤਾ ਪਹਿਲਾਂ ਖਾਲੀ ਹੋ ਜਾਂਦਾ ਹੈ ਜਿਸ ਨਾਲ ਝੋਨੇ ਦੀ ਪਰਾਲੀ ਸਾਂਭ-ਸੰਭਾਲ ਲਈ ਸਮਾਂ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦੇ ਰਹੀ ਹੈ। ਇਸ ਸਬੰਧੀ ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਪੰਜਾਬ ਦਾ ਕਿਸਾਨ ਨਵੇਂ ਖੇਤੀ ਢੰਗ ਅਪਣਾਉਣ ਤੋਂ ਡਰਦਾ ਹੈ ਜਿਸ ਕਾਰਨ ਉਹ ਪੁਰਾਣੇ ਢੰਗ ਨਾਲ ਹੀ ਖੇਤੀ ਕਰਨ ਵਿਚ ਖੁਸ਼ ਹੈ ਪਰ ਜੇਕਰ ਅੱਜ ਅਸੀਂ ਨਾ ਸੰਭਲੇ ਤਾਂ ਆਉਣ ਵਾਲਾ ਸਮਾਂ ਖ਼ਤਰਨਾਕ ਹੋ ਸਕਦਾ ਹੈ। ਪੰਜਾਬ ਦੇ ਵੱਡੀ ਗਿਣਤੀ ਇਲਾਕਿਆਂ ਦਾ ਜ਼ਮੀਨਦੋਜ਼ ਪਾਣੀ ਦਾ ਪੱਧਰ ਬਹੁਤ ਹੇਠਾਂ ਤੱਕ ਪਹੁੰਚ ਗਿਆ ਹੈ। ਉਹ ਕਿਸਾਨਾਂ ਨੂੰ ਲੰਮੇ ਸਮੇਂ ਤੋਂ ਜੈਵਿਕ ਖੇਤੀ, ਸਬਜ਼ੀਆਂ ਤੇ ਹੋਰ ਚੀਜ਼ਾਂ ਬੀਜਣ ਲਈ ਉਤਸ਼ਾਹਿਤ ਕਰਦੇ ਆ ਰਹੇ ਹਨ ਪਰ ਹਾਲੇ ਕਿਸਾਨ ਰਵਾਇਤੀ ਚੱਕਰ ਵਿੱਚੋਂ ਬਾਹਰ ਨਹੀਂ ਆਇਆ। ਸਰਕਾਰ ਨੂੰ ਸਿੱਧੀ ਬਿਜਾਈ ਲਈ ਹੋਰ ਯਤਨ ਕਰਨੇ ਪੈਣਗੇ।