- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਤਾਬਦੀ ਐਕਸਪ੍ਰੈੱਸ ਹੇਠਾਂ ਆ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਸਥਾਨਕ ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 'ਤੇ ਦੇਰ ਰਾਤ ਇਕ ਅਣਪਛਾਤੇ ਵਿਅਕਤੀ ਵੱਲੋਂ ਸ਼ਤਾਬਦੀ ਐਕਸਪ੍ਰੈੱਸ ਅੱਗੇ ਰੇਲਵੇ ਟਰੈਕ 'ਤੇ ਸਿਰ ਰੱਖ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਰਾਤ ਕਰੀਬ 12 ਵਜੇ ਵਾਪਰੀ, ਜਿਸ ਕਾਰਨ ਮੌਕੇ 'ਤੇ ਹੜਕੰਪ ਮਚ ਗਿਆ ਅਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਵਿਕੀ ਕੁਮਾਰ ਅਤੇ ਸੰਦੀਪ ਗੋਇਲ ਐਂਬੂਲੈਂਸ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ। ਉਸ ਸਮੇਂ ਜੀਆਰਪੀ ਦੀ ਪੁਲਿਸ ਵੀ ਮੌਕੇ 'ਤੇ ਮੌਜੂਦ ਸੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਨੇ ਰੇਲਵੇ ਟਰੈਕ 'ਤੇ ਆਪਣੀ ਗਰਦਨ ਰੱਖ ਕੇ ਖੁਦਕੁਸ਼ੀ ਕੀਤੀ। ਹਾਦਸੇ ਕਾਰਨ ਉਸ ਦਾ ਸਿਰ ਧੜ ਤੋਂ ਵੱਖ ਹੋ ਕੇ ਟਰੈਕ ਤੋਂ ਬਾਹਰ ਜਾ ਡਿੱਗਿਆ, ਜਦਕਿ ਧੜ ਟਰੈਕ ਦੇ ਅੰਦਰ ਪਿਆ ਮਿਲਿਆ। ਪੁਲਿਸ ਦੀ ਮੌਜੂਦਗੀ ਵਿਚ ਸਹਾਰਾ ਟੀਮ ਨੇ ਮ੍ਰਿਤਕ ਦੀ ਤਲਾਸ਼ੀ ਲਈ, ਪਰ ਉਸ ਕੋਲੋਂ ਕੋਈ ਵੀ ਪਛਾਣ ਪੱਤਰ ਜਾਂ ਅਜਿਹਾ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸ ਦੀ ਸ਼ਨਾਖ਼ਤ ਹੋ ਸਕੇ। ਮ੍ਰਿਤਕ ਨੇ ਲੋਅਰ ਤੇ ਟੀ-ਸ਼ਰਟ ਪਹਿਨੀ ਹੋਈ ਸੀ। ਜੀਆਰਪੀ ਨੇ ਲੋੜੀਂਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਦੀ ਮਦਦ ਨਾਲ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ, ਜਿੱਥੇ ਉਸ ਨੂੰ ਸ਼ਨਾਖ਼ਤ ਹੋਣ ਤੱਕ ਸੁਰੱਖਿਅਤ ਰੱਖਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਨ ਲਈ ਯਤਨ ਜਾਰੀ ਹਨ। ਪਛਾਣ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।