ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ 5,470 ਕਰੋੜ ਦੇ ਪ੍ਰੋਜੈਕਟਾਂ ਦੀ ਸੌਗਾਤ, ਬੁਨਿਆਦੀ ਢਾਂਚੇ ਨੂੰ ਮਿਲੇਗੀ ਨਵੀਂ ਰਫ਼ਤਾਰ: ਹਰਿਮੰਦਰ ਸਿੰਘ ਜੱਸੀ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ 5,470 ਕਰੋੜ ਦੇ ਪ੍ਰੋਜੈਕਟਾਂ ਦੀ ਸੌਗਾਤ, ਬੁਨਿਆਦੀ ਢਾਂਚੇ ਨੂੰ ਮਿਲੇਗੀ ਨਵੀਂ ਰਫ਼ਤਾਰ: ਹਰਿਮੰਦਰ ਸਿੰਘ ਜੱਸੀ
Publish Date: Sat, 18 Jul 2026 04:27 PM (IST)
Updated Date: Sat, 18 Jul 2026 04:28 PM (IST)
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ 5,470 ਕਰੋੜ ਦੇ ਪ੍ਰੋਜੈਕਟਾਂ ਦੀ ਸੌਗਾਤ, ਬੁਨਿਆਦੀ ਢਾਂਚੇ ਨੂੰ ਮਿਲੇਗੀ ਨਵੀਂ ਰਫ਼ਤਾਰ: ਹਰਿਮੰਦਰ ਸਿੰਘ ਜੱਸੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਹਰਿਮੰਦਰ ਸਿੰਘ ਜੱਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਦੌਰੇ ਦੌਰਾਨ ਪੰਜਾਬ ਲਈ ਐਲਾਨੇ ਗਏ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਇਤਿਹਾਸਕ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ 5,470 ਕਰੋੜ ਰੁਪਏ ਦੀ ਲਾਗਤ ਨਾਲ ਰੇਲ ਅਤੇ ਸੜਕਾਂ ਨਾਲ ਸਬੰਧਤ ਪ੍ਰੋਜੈਕਟ ਪੰਜਾਬ ਦੇ ਆਰਥਿਕ ਵਿਕਾਸ, ਉਦਯੋਗਿਕ ਤਰੱਕੀ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਜੱਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਛਾਉਣੀ ਵਿਖੇ ਕਰਵਾਏ ਸਮਾਗਮ ਦੌਰਾਨ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਸਮੇਤ ਦੇਸ਼ ਭਰ ਦੇ 75 ਮੁੜ ਵਿਕਸਤ ਅੰਮ੍ਰਿਤ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਜਿਸ ਨਾਲ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਰੇਲਵੇ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਛੇਹਰਟਾ ਤੋਂ ਸੀਰ ਗੋਵਰਧਨਪੁਰ (ਵਾਰਾਨਸੀ) ਐਕਸਪ੍ਰੈਸ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਨਵੀਂ ਰੇਲ ਸੇਵਾ ਨਾਲ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚਕਾਰ ਯਾਤਰਾ ਹੋਰ ਸੁਗਮ ਹੋਵੇਗੀ ਅਤੇ ਧਾਰਮਿਕ, ਸਮਾਜਿਕ ਅਤੇ ਵਪਾਰਕ ਆਵਾਜਾਈ ਨੂੰ ਵੀ ਲਾਭ ਮਿਲੇਗਾ। ਜੱਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇ ਦੇ 309 ਕਿਲੋਮੀਟਰ ਲੰਬੇ ਪੈਕੇਜ-5 ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਐਕਸਪ੍ਰੈਸਵੇ ਪੰਜਾਬ, ਹਰਿਆਣਾ, ਦਿੱਲੀ ਅਤੇ ਜੰਮੂ-ਕਸ਼ਮੀਰ ਨੂੰ ਤੇਜ਼ ਰਫ਼ਤਾਰ ਸੜਕ ਸੰਪਰਕ ਨਾਲ ਜੋੜੇਗਾ, ਜਿਸ ਨਾਲ ਸਫ਼ਰ ਦਾ ਸਮਾਂ ਘਟੇਗਾ, ਵਪਾਰ ਨੂੰ ਉਤਸ਼ਾਹ ਮਿਲੇਗਾ ਅਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਨਵਾਂ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ 252 ਕਿਲੋਮੀਟਰ ਲੰਬੇ ਛੇ ਲੇਨ ਦੱਖਣੀ ਲੁਧਿਆਣਾ ਗ੍ਰੀਨਫੀਲਡ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਇਹ ਬਾਈਪਾਸ ਲੁਧਿਆਣਾ ਸ਼ਹਿਰ ਵਿੱਚ ਟਰੈਫਿਕ ਦਾ ਦਬਾਅ ਘਟਾਉਣ, ਮਾਲ ਢੋਆ-ਢੁਆਈ ਨੂੰ ਸੁਚਾਰੂ ਬਣਾਉਣ ਅਤੇ ਉਦਯੋਗਿਕ ਇਕਾਈਆਂ ਨੂੰ ਬਿਹਤਰ ਸੜਕ ਸੰਪਰਕ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਉਦੇਸ਼ ਪੰਜਾਬ ਨੂੰ ਵਿਕਾਸ ਦੇ ਨਵੇਂ ਦੌਰ ਨਾਲ ਜੋੜਨਾ ਹੈ, ਜਿਸ ਲਈ ਬੁਨਿਆਦੀ ਢਾਂਚੇ ਤੇ ਵੱਡੇ ਪੱਧਰ ਤੇ ਨਿਵੇਸ਼ ਕੀਤਾ ਜਾ ਰਿਹਾ ਹੈ। ਜੱਸੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਨਾ ਸਿਰਫ਼ ਆਵਾਜਾਈ ਸੁਵਿਧਾਜਨਕ ਬਣੇਗੀ, ਸਗੋਂ ਸੂਬੇ ਦੀ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੀਆਂ ਵਿਕਾਸਮੁਖੀ ਨੀਤੀਆਂ ਅਤੇ ਲੋਕ ਭਲਾਈ ਦੇ ਕੰਮਾਂ ਕਾਰਨ ਲੋਕਾਂ ਦਾ ਵਿਸ਼ਵਾਸ ਭਾਜਪਾ ਵਿੱਚ ਲਗਾਤਾਰ ਵੱਧ ਰਿਹਾ ਹੈ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਆਪਣੇ ਬਲਬੂਤੇ ਸਰਕਾਰ ਬਣਾਏਗੀ।