ਗਲੋਬਲ ਡਿਸਕਵਰੀ ਸਕੂਲ ਵੱਲੋਂ ਰੇਬੀਜ਼ ਜਾਗਰੂਕਤਾ ਸੈਮੀਨਾਰ ਗਲੋਬਲ ਡਿਸਕਵਰੀ ਸਕੂਲ ਵੱਲੋਂ ਰੇਬੀਜ਼ ਜਾਗਰੂਕਤਾ ਸੈਮੀਨਾਰ
Publish Date: Sat, 18 Jul 2026 04:23 PM (IST)
Updated Date: Sat, 18 Jul 2026 04:25 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ ਸੀਬੀਐਸਈ ਨਾਲ ਸਬੰਧਤ ਸਰਾਫ ਐਜੂਬੀਕਨਜ਼ ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਫੂਲ ਵਿਖੇ ਰੇਬੀਜ਼-ਮੁਕਤ ਸਮਾਜ ਮੁਹਿੰਮ ਤਹਿਤ ਰੇਬੀਜ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੈਟਰਨਰੀ ਕਾਲਜ ਰਾਮਪੁਰਾ ਫੂਲ ਦੇ ਮਾਹਿਰ ਡਾ. ਜੈ ਪ੍ਰਕਾਸ਼ ਯਾਦਵ, ਡਾ. ਮਨਿੰਦਰ ਸਿੰਘ ਅਤੇ ਹਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਰੇਬੀਜ਼ ਬਿਮਾਰੀ ਦੇ ਕਾਰਨ, ਲੱਛਣ, ਬਚਾਅ ਅਤੇ ਸਮੇਂ ਸਿਰ ਇਲਾਜ ਬਾਰੇ ਜਾਣਕਾਰੀ ਦਿੱਤੀ। ਮਾਹਿਰਾਂ ਨੇ ਦੱਸਿਆ ਕਿ ਰੇਬੀਜ਼ ਇਕ ਜਾਨਲੇਵਾ ਪਰ ਪੂਰੀ ਤਰ੍ਹਾਂ ਰੋਕੀ ਜਾ ਸਕਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਜਾਨਵਰ, ਖ਼ਾਸ ਕਰਕੇ ਕੁੱਤੇ, ਵੱਲੋਂ ਕੱਟਿਆ ਜਾਵੇ ਤਾਂ ਜ਼ਖ਼ਮ ਨੂੰ ਘੱਟੋ-ਘੱਟ 15 ਮਿੰਟ ਤੱਕ ਸਾਬਣ ਅਤੇ ਵਗਦੇ ਪਾਣੀ ਨਾਲ ਧੋਣਾ ਚਾਹੀਦਾ ਹੈ ਤੇ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਜਾ ਕੇ ਐਂਟੀ-ਰੇਬੀਜ਼ ਵੈਕਸੀਨ (ਏਆਰਵੀ) ਲਗਵਾਉਣੀ ਚਾਹੀਦੀ ਹੈ। ਉਨ੍ਹਾਂ ਪਾਲਤੂ ਜਾਨਵਰਾਂ ਦਾ ਨਿਯਮਿਤ ਟੀਕਾਕਰਨ ਕਰਵਾਉਣ ਤੇ ਆਵਾਰਾ ਜਾਨਵਰਾਂ ਪ੍ਰਤੀ ਜ਼ਿੰਮੇਵਾਰ ਤੇ ਹਮਦਰਦੀ ਭਰਿਆ ਰਵੱਈਆ ਅਪਣਾਉਣ ਦੀ ਵੀ ਅਪੀਲ ਕੀਤੀ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਰੇਬੀਜ਼ ਸਬੰਧੀ ਕਈ ਸਵਾਲ ਪੁੱਛੇ, ਜਿਨ੍ਹਾਂ ਦੇ ਮਾਹਿਰਾਂ ਨੇ ਸਰਲ ਅਤੇ ਵਿਗਿਆਨਕ ਢੰਗ ਨਾਲ ਜਵਾਬ ਦਿੱਤੇ। ਅੰਤ ਵਿਚ ਸਕੂਲ ਦੇ ਵਾਈਸ ਚੇਅਰਮੈਨ ਅਮਿਤ ਸਰਾਫ ਤੇ ਸਕੂਲ ਪ੍ਰਬੰਧਕਾਂ ਨੇ ਵੈਟਰਨਰੀ ਕਾਲਜ ਦੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਜਾਰੀ ਰੱਖਣ ਦਾ ਭਰੋਸਾ ਦਿੱਤਾ।