ਹੁਣ ਸਬ-ਡਿਵੀਜ਼ਨ ਹਸਪਤਾਲ ਘੁੱਦਾ ’ਚ ਵੀ ਸ਼ੁਰੂ ਹੋਈ ਗੋਡੇ ਤੇ ਹਿੱਪ ਰਿਪਲੇਸਮੈਂਟ ਦੀ ਸਰਜਰੀ ਹੁਣ ਸਬ-ਡਿਵੀਜ਼ਨ ਹਸਪਤਾਲ ਘੁੱਦਾ ਵਿੱਚ ਵੀ ਸ਼ੁਰੂ ਹੋਈ ਗੋਡੇ ਅਤੇ ਹਿੱਪ ਰਿਪਲੇਸਮੈਂਟ ਦੀ ਸਰਜਰੀ
Publish Date: Sat, 18 Jul 2026 04:20 PM (IST)
Updated Date: Sat, 18 Jul 2026 04:22 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸਰਕਾਰੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਅਹਿਮ ਕਦਮ ਚੁੱਕਦਿਆਂ ਸਬ-ਡਿਵੀਜ਼ਨ ਹਸਪਤਾਲ ਘੁੱਦਾ ਨੇ ਇਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕੀਤੀ ਹੈ। ਹੁਣ ਹਸਪਤਾਲ ਵਿਚ ਗੋਡੇ (ਨੀ ਰਿਪਲੇਸਮੈਂਟ) ਅਤੇ ਹਿੱਪ ਰਿਪਲੇਸਮੈਂਟ ਦੀਆਂ ਸਰਜਰੀਆਂ ਵੀ ਸਫ਼ਲਤਾਪੂਰਵਕ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਇਲਾਜ ਲਈ ਵੱਡੇ ਸ਼ਹਿਰਾਂ ਦੇ ਮਹਿੰਗੇ ਹਸਪਤਾਲਾਂ ਦਾ ਰੁਖ ਨਹੀਂ ਕਰਨਾ ਪਵੇਗਾ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਦੀ ਅਗਵਾਈ ਹੇਠ ਆਰਥੋਪੀਡਿਕ ਸਰਜਨ ਡਾ. ਜੋਬਨਪ੍ਰੀਤ ਸਿੰਘ ਸਰਾਂ ਵੱਲੋਂ ਹਾਲ ਹੀ ਵਿਚ ਤਿੰਨ ਗੋਡੇ ਬਦਲਣ ਦੀਆਂ ਸਰਜਰੀਆਂ ਸਫ਼ਲਤਾਪੂਰਵਕ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਕ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਮਰੀਜ਼ ਦੀ ਲੱਤ ਦਾ ਆਪਰੇਸ਼ਨ ਵੀ ਪੂਰੀ ਤਰ੍ਹਾਂ ਮੁਫ਼ਤ ਕੀਤਾ ਗਿਆ। ਡਾ. ਜੋਬਨਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਗੋਡੇ ਬਦਲਣ ਦੀਆਂ ਸਾਰੀਆਂ ਸਰਜਰੀਆਂ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਬਿਨਾਂ ਕਿਸੇ ਖ਼ਰਚੇ ਦੇ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸ੍ਰੀਗੰਗਾਨਗਰ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਪਰਮਜੀਤ ਸਿੰਘ ਨੂੰ ਇਲਾਜ ਲਈ ਸਬ-ਡਿਵੀਜ਼ਨ ਹਸਪਤਾਲ ਘੁੱਦਾ ਲਿਆਂਦਾ ਗਿਆ ਸੀ, ਜਿੱਥੇ ਉਸ ਦੀ ਲੱਤ ਦਾ ਸਫ਼ਲ ਆਪਰੇਸ਼ਨ ਕਰਕੇ ਸਮੇਂ ਸਿਰ ਬਿਹਤਰ ਇਲਾਜ ਮੁਹੱਈਆ ਕਰਵਾਇਆ ਗਿਆ। ਡਾ. ਸਰਾਂ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਹਸਪਤਾਲ ਵਿਚ ਨਿਯਮਿਤ ਤੌਰ ਤੇ ਗੋਡੇ ਅਤੇ ਕੂਹਣੀ ਬਦਲਣ ਦੀਆਂ ਸਰਜਰੀਆਂ ਕੀਤੀਆਂ ਜਾ ਰਹੀਆਂ ਹਨ। ਹਸਪਤਾਲ ਵਿਚ ਉਪਲਬਧ ਆਧੁਨਿਕ ਮੈਡੀਕਲ ਸਹੂਲਤਾਂ, ਨਵੀਨ ਉਪਕਰਨਾਂ ਅਤੇ ਮਾਹਿਰ ਡਾਕਟਰਾਂ ਦੀ ਟੀਮ ਦੇ ਕਾਰਨ ਹੁਣ ਮਰੀਜ਼ਾਂ ਨੂੰ ਆਪਣੇ ਹੀ ਜ਼ਿਲ੍ਹੇ ਵਿਚ ਉੱਚ ਪੱਧਰੀ ਆਰਥੋਪੀਡਿਕ ਇਲਾਜ ਦੀ ਸਹੂਲਤ ਮਿਲ ਰਹੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਇਸ ਤਰ੍ਹਾਂ ਦੀਆਂ ਗੁੰਝਲਦਾਰ ਸਰਜਰੀਆਂ ਸ਼ੁਰੂ ਹੋਣ ਨਾਲ ਖ਼ਾਸ ਕਰਕੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਆਯੁਸ਼ਮਾਨ ਭਾਰਤ ਯੋਜਨਾ ਦੇ ਯੋਗ ਲਾਭਪਾਤਰੀ ਹੁਣ ਲੱਖਾਂ ਰੁਪਏ ਦਾ ਖ਼ਰਚਾ ਕੀਤੇ ਬਿਨਾਂ ਮਿਆਰੀ ਅਤੇ ਮਾਹਿਰ ਸਿਹਤ ਸੇਵਾਵਾਂ ਦਾ ਲਾਭ ਲੈ ਸਕਣਗੇ। ਹਸਪਤਾਲ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਲੋੜ ਪੈਣ ਤੇ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਮਾਹਿਰ ਇਲਾਜ ਸੇਵਾਵਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮਿਆਰੀ ਅਤੇ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।