- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਕੱਟਾਂ ਤੋਂ ਤੰਗ ਲੋਕਾਂ ਨੇ 66 ਕੇਵੀ ਗਰਿੱਡ ਚੱਕ ਫਤਿਹ ਸਿੰਘ ਵਾਲਾ ਅੱਗੇ ਕੀਤਾ ਰੋਸ ਪ੍ਰਦਰਸ਼ਨ।

- ਗਰਮੀ, ਫਸਲਾਂ ਦੀ ਸਿੰਚਾਈ ਅਤੇ ਘਰੇਲੂ ਜੀਵਨ ਪ੍ਰਭਾਵਿਤ ਹੋਣ ’ਤੇ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਜਤਾਇਆ ਰੋਸ
ਹਰਮੇਲ ਸਾਗਰ, ਪੰਜਾਬੀ ਜਾਗਰਣ
ਭੁੱਚੋ ਮੰਡੀ : ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ 66 ਕੇਵੀ ਗਰਿੱਡ ਅਧੀਨ ਆਉਂਦੇ ਸ਼ਹਿਰੀ ਅਤੇ ਦਿਹਾਤੀ ਫੀਡਰਾਂ 'ਤੇ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਤੋਂ ਨਾਰਾਜ਼ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਗਰਿੱਡ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਤ ਦੀ ਗਰਮੀ ਦੇ ਮੌਸਮ ਵਿਚ ਵਾਰ-ਵਾਰ ਬਿਜਲੀ ਬੰਦ ਹੋਣ ਕਾਰਨ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਜਦਕਿ ਖੇਤਾਂ ਵਿਚ ਖੜ੍ਹੀਆਂ ਫਸਲਾਂ ਨੂੰ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਦੀ ਚਿੰਤਾ ਵੀ ਲਗਾਤਾਰ ਵਧ ਰਹੀ ਹੈ। ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਕਿਹਾ ਕਿ ਝੋਨੇ ਸਮੇਤ ਹੋਰ ਫਸਲਾਂ ਲਈ ਇਸ ਸਮੇਂ ਨਿਯਮਿਤ ਸਿੰਚਾਈ ਬਹੁਤ ਜ਼ਰੂਰੀ ਹੈ, ਪਰ ਬਿਜਲੀ ਕੱਟਾਂ ਕਾਰਨ ਟਿਊਬਵੈੱਲ ਨਹੀਂ ਚੱਲ ਰਹੇ। ਇਸ ਨਾਲ ਫਸਲਾਂ ਦੇ ਨੁਕਸਾਨ ਦਾ ਖ਼ਤਰਾ ਵਧ ਗਿਆ ਹੈ। ਦੂਜੇ ਪਾਸੇ ਘਰੇਲੂ ਬਿਜਲੀ ਸਪਲਾਈ ਵਿਚ ਰੁਕਾਵਟ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਅਸਹਿਣਯੋਗ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਬਿਜਲੀ ਦੀ ਅਣਉਪਲਬਧਤਾ ਕਾਰਨ ਰੋਜ਼ਾਨਾ ਦੇ ਘਰੇਲੂ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਸ਼ਹਿਰੀ ਅਤੇ ਦਿਹਾਤੀ ਫੀਡਰਾਂ ’ਤੇ ਲੱਗ ਰਹੇ ਅਣਐਲਾਨੇ ਪਾਵਰ ਕੱਟ ਤੁਰੰਤ ਬੰਦ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਵੀ ਇਹੀ ਹਾਲਾਤ ਰਹੇ ਤਾਂ ਕਿਸਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਬਿਜਲੀ ਵਿਭਾਗ ਅਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਅਰਸ਼ਦੀਪ ਸਿੰਘ, ਗੁਰਸ਼ਰਨ ਸਿੰਘ, ਅਜਮੇਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਮੇਜਰ ਸਿੰਘ, ਇਕਬਾਲ ਸਿੰਘ, ਮੱਖਣ ਸਿੰਘ, ਬੂਟਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ। ਉੱਧਰ ਬਿਜਲੀ ਵਿਭਾਗ ਦੇ ਐੱਸਐੱਸਏ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਖੇਤੀ ਮੋਟਰਾਂ ਦੀ ਸਪਲਾਈ ਵਿਚ ਲਗਭਗ ਪੰਜ ਤੋਂ ਛੇ ਘੰਟਿਆਂ ਦੇ ਕੱਟ ਲੱਗ ਰਹੇ ਹਨ ਅਤੇ ਘਰੇਲੂ ਫੀਡਰਾਂ ’ਤੇ ਵੀ ਲੋੜ ਅਨੁਸਾਰ ਬਿਜਲੀ ਕੱਟ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵੱਧ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ, ਜਦਕਿ ਕੁਝ ਥਰਮਲ ਪਲਾਂਟਾਂ ਦੀਆਂ ਯੂਨਿਟਾਂ ਬੰਦ ਹੋਣ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ ਹੈ। ਇਸ ਸਥਿਤੀ ਵਿਚ ਲੋਡ ਪ੍ਰਬੰਧਨ ਲਈ ਅਸਥਾਈ ਤੌਰ ’ਤੇ ਪਾਵਰ ਕੱਟ ਲਗਾਉਣੇ ਪੈ ਰਹੇ ਹਨ।