- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਦੇ ਕ੍ਰਿਸ਼ ਗੁਪਤਾ ਨੇ ਨੀਟ ਵਿਚ ਕੀਤਾ ਕਮਾਲ, ਦੇਸ਼ ਭਰ ਵਿਚ 15ਵਾਂ ਰੈਂਕ ਹਾਸਲ ਕਰ ਜ਼ਿਲ੍ਹੇ ਦਾ ਮਾਣ ਵਧਾਇਆ

- ਪੰਜਾਬ ਵਿਚ ਦੂਜਾ ਤੇ ਬਠਿੰਡਾ ਦਾ ਟਾਪਰ ਬਣਿਆ ਹੋਣਹਾਰ ਵਿਦਿਆਰਥੀ
- ਰੋਜ਼ਾਨਾ 10 ਘੰਟੇ ਪੜ੍ਹਾਈ ਅਤੇ ਇੰਟਰਨੈੱਟ ਮੀਡੀਆ ਤੋਂ ਦੂਰੀ ਬਣਾਈ ਰੱਖਣਾ ਬਣਿਆ ਸਫ਼ਲਤਾ ਦੀ ਕੁੰਜੀ
ਗੁਰਤੇਜ ਸਿੰਘ ਸਿੱਧ, ਪੰਜਾਬੀ ਜਾਗਰਣ
ਬਠਿੰਡਾ : ਰਾਸ਼ਟਰੀ ਯੋਗਤਾ ਸਹਿ ਦਾਖਲਾ ਪ੍ਰੀਖਿਆ (ਨੀਟ) 2026 ਦੇ ਐਲਾਨੇ ਨਤੀਜਿਆਂ ਵਿਚ ਬਠਿੰਡਾ ਦੇ ਵਿਦਿਆਰਥੀ ਕ੍ਰਿਸ਼ ਗੁਪਤਾ ਨੇ ਸ਼ਾਨਦਾਰ ਸਫ਼ਲਤਾ ਹਾਸਲ ਕਰਦਿਆਂ ਦੇਸ਼ ਭਰ ਵਿਚ ਆਲ ਇੰਡੀਆ ਰੈਂਕ 15ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਉਪਲਬਧੀ ਨਾਲ ਕ੍ਰਿਸ਼ ਨੇ ਪੰਜਾਬ ਵਿਚ ਦੂਜਾ ਸਥਾਨ ਅਤੇ ਬਠਿੰਡਾ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਜ਼ਿਲ੍ਹੇ ਦਾ ਨਾਮ ਦੇਸ਼ ਭਰ ਵਿਚ ਰੋਸ਼ਨ ਕੀਤਾ ਹੈ। ਨਤੀਜੇ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਅਧਿਆਪਕਾਂ ਅਤੇ ਸ਼ੁਭਚਿੰਤਕਾਂ ਵੱਲੋਂ ਉਨ੍ਹਾਂ ਨੂੰ ਇਸ ਉਪਲਬਧੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਕ੍ਰਿਸ਼ ਗੁਪਤਾ ਦੀ ਇਹ ਸਫ਼ਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਅਭਿਆਸ ਦਾ ਨਤੀਜਾ ਹੈ। ਕ੍ਰਿਸ਼ ਨੇ ਦੱਸਿਆ ਕਿ ਪ੍ਰੀਖਿਆ ਦੀ ਤਿਆਰੀ ਦੌਰਾਨ ਉਹ ਹਰ ਰੋਜ਼ ਕਰੀਬ 10 ਘੰਟੇ ਨਿਯਮਿਤ ਤੌਰ ’ਤੇ ਪੜ੍ਹਾਈ ਕਰਦੇ ਸਨ। ਪੜ੍ਹਾਈ ਦੇ ਸਮੇਂ ਦੌਰਾਨ ਉਨ੍ਹਾਂ ਨੇ ਮੋਬਾਈਲ ਫੋਨ ਅਤੇ ਇੰਟਰਨੈੱਟ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ, ਜਿਸ ਕਾਰਨ ਉਹ ਆਪਣਾ ਪੂਰਾ ਧਿਆਨ ਆਪਣੇ ਟੀਚੇ ’ਤੇ ਕੇਂਦਰਿਤ ਕਰ ਸਕੇ। ਉਨ੍ਹਾਂ ਦਾ ਮੰਨਣਾ ਹੈ ਕਿ ਸਫ਼ਲਤਾ ਹਾਸਲ ਕਰਨ ਲਈ ਇਕਾਗਰਤਾ, ਸਮੇਂ ਦਾ ਸਹੀ ਪ੍ਰਬੰਧਨ ਅਤੇ ਲਗਾਤਾਰ ਮਿਹਨਤ ਸਭ ਤੋਂ ਵੱਧ ਮਹੱਤਵਪੂਰਨ ਹਨ।
ਕ੍ਰਿਸ਼ ਦੇ ਪਿਤਾ ਅਮਿਤ ਕੁਮਾਰ, ਜੋ ਚਾਵਲਾਂ ਦੇ ਥੋਕ ਵਪਾਰੀ ਹਨ, ਨੇ ਆਪਣੇ ਪੁੱਤਰ ਦੀ ਇਸ ਉਪਲਬਧੀ ’ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਬੇਹੱਦ ਖੁਸ਼ੀ ਅਤੇ ਮਾਣ ਵਾਲਾ ਪਲ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸ਼ ਸ਼ੁਰੂ ਤੋਂ ਹੀ ਪੜ੍ਹਾਈ ਪ੍ਰਤੀ ਗੰਭੀਰ ਅਤੇ ਅਨੁਸ਼ਾਸਿਤ ਰਿਹਾ ਹੈ ਅਤੇ ਉਸ ਨੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਮਿਹਨਤ ਕੀਤੀ ਹੈ। ਪਰਿਵਾਰ ਨੂੰ ਵਿਸ਼ਵਾਸ ਹੈ ਕਿ ਉਸ ਦੀ ਇਹ ਸਫ਼ਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਬਣੇਗੀ। ਕ੍ਰਿਸ਼ ਨੇ ਦੱਸਿਆ ਕਿ ਉਨ੍ਹਾਂ ਦੀ ਰੈਂਕ ਦੇ ਆਧਾਰ ’ਤੇ ਉਨ੍ਹਾਂ ਨੂੰ ਦੇਸ਼ ਦੇ ਪ੍ਰਸਿੱਧ ਮੈਡੀਕਲ ਸੰਸਥਾਨ ਏਮਜ਼, ਨਵੀਂ ਦਿੱਲੀ ਵਿਚ ਐਮਬੀਬੀਐਸ ਕੋਰਸ ਵਿਚ ਦਾਖਲਾ ਮਿਲਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਇਕ ਯੋਗ ਅਤੇ ਸੰਵੇਦਨਸ਼ੀਲ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਹੈ। ਆਪਣੀ ਸਫ਼ਲਤਾ ਦਾ ਸਿਹਰਾ ਕ੍ਰਿਸ਼ ਨੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਪਰਿਵਾਰ ਦੇ ਸਹਿਯੋਗ ਨੂੰ ਦਿੱਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਮਨੋਜ ਫਿਜ਼ਿਕਸ ਕਲਾਸਿਜ਼ ਦੇ ਪ੍ਰੋ. ਮਨੋਜ ਗੋਸਵਾਮੀ, ਮੋਹਿਤ ਫਿਜ਼ਿਕਸ ਕਲਾਸਿਜ਼ ਦੇ ਪ੍ਰੋ. ਮੋਹਿਤ ਗੁਪਤਾ, ਆਰਡੀ ਕੈਮਿਸਟਰੀ ਕਲਾਸਿਜ਼ ਦੇ ਪ੍ਰੋ. ਰਵਿੰਦਰ ਗਰਗ ਅਤੇ ਸਾਇਲ ਬਾਇਓਲੋਜੀ ਕਲਾਸਿਜ਼ ਦੇ ਪ੍ਰੋ. ਜੈ ਸਾਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਪ੍ਰੇਰਣਾ ਨੇ ਪ੍ਰੀਖਿਆ ਦੀ ਤਿਆਰੀ ਨੂੰ ਸਹੀ ਦਿਸ਼ਾ ਦਿੱਤੀ।
ਕ੍ਰਿਸ਼ ਦੀ ਇਸ ਉਪਲਬਧੀ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ, ਸਗੋਂ ਪੂਰੇ ਬਠਿੰਡਾ ਜ਼ਿਲ੍ਹੇ ਵਿਚ ਖੁਸ਼ੀ ਦਾ ਮਾਹੌਲ ਹੈ। ਸਿੱਖਿਆ ਜਗਤ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕ੍ਰਿਸ਼ ਦੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਇਸ ਗੱਲ ਦਾ ਸਬੂਤ ਹਨ ਕਿ ਸਪੱਸ਼ਟ ਟੀਚੇ ਅਤੇ ਨਿਰੰਤਰ ਯਤਨਾਂ ਨਾਲ ਰਾਸ਼ਟਰੀ ਪੱਧਰ 'ਤੇ ਵੀ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੀ ਇਹ ਸਫ਼ਲਤਾ ਹੁਣ ਜ਼ਿਲ੍ਹੇ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣ ਗਈ ਹੈ।