ਜ਼ਿਲ੍ਹਾ ਪ੍ਰਧਾਨ ਮਲੂਕਾ ਦੀ ਅਗਵਾਈ ’ਚ ਭਾਜਪਾ ਨੇ ਚਲਾਈ ਸਫ਼ਾਈ ਮੁਹਿੰਮ ਜਿਲ੍ਹਾ ਪ੍ਰਧਾਨ ਮਲੂਕਾ ਦੀ ਅਗਵਾਈ ’ਚ ਭਾਜਪਾ ਵੱਲੋਂ ਸਫਾਈ ਮੁਹਿੰਮ
Publish Date: Fri, 17 Jul 2026 04:54 PM (IST)
Updated Date: Fri, 17 Jul 2026 04:55 PM (IST)
- ਸਵੱਛ ਭਾਰਤ ਤੰਦਰੁਸਤ ਭਾਰਤ ਭਾਜਪਾ ਦਾ ਏਜੰਡਾ : ਗੁਰਪ੍ਰੀਤ ਸਿੰਘ ਮਲੂਕਾ ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 17 ਜੁਲਾਈ ਨੂੰ ਹੋਣ ਵਾਲੀ ਪੰਜਾਬ ਫੇਰੀ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵੱਲੋਂ 15 ਅਤੇ 16 ਜੁਲਾਈ ਨੂੰ ਸੂਬਾ ਪੱਧਰ ’ਤੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਤਹਿਤ ਲੋਕ ਸਭਾ ਹਲਕਾ ਬਠਿੰਡਾ ਦੀ ਕੋਆਰਡੀਨੇਟਰ ਪਰਮਪਾਲ ਕੌਰ ਸਿੱਧੂ ਦੀ ਅਗਵਾਈ ਹੇਠ ਬਠਿੰਡਾ, ਮਾਨਸਾ ਅਤੇ ਸਰਦੂਲਗੜ੍ਹ ਸਮੇਤ ਵੱਖ-ਵੱਖ ਹਲਕਿਆਂ ਵਿਚ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਸਫ਼ਾਈ ਅਭਿਆਨ ਵਿਚ ਹਿੱਸਾ ਲਿਆ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਰਾਮਪੁਰਾ, ਮੌੜ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕਿਆਂ ਵਿਚ ਸਰਕਲ ਪ੍ਰਧਾਨਾਂ, ਜਨਰਲ ਸਕੱਤਰਾਂ, ਵੱਖ-ਵੱਖ ਮੋਰਚਿਆਂ ਦੇ ਪ੍ਰਧਾਨਾਂ ਅਤੇ ਪਾਰਟੀ ਵਰਕਰਾਂ ਨੇ ਟੀਮਾਂ ਬਣਾ ਕੇ ਸਫ਼ਾਈ ਮੁਹਿੰਮ ਚਲਾਈ। ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ਵਿਚ ਦੇਸ਼ ਦੀ ਕਮਾਨ ਸੰਭਾਲਣ ਤੋਂ ਬਾਅਦ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਮਕਸਦ ਦੇਸ਼ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਖੁਦ ਵੀ ਹਰ ਮੌਕੇ ਤੇ ਇਸ ਮੁਹਿੰਮ ਨਾਲ ਜੁੜ ਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਨਾਲ ਨਾ ਸਿਰਫ਼ ਗਲੀਆਂ, ਮੁਹੱਲੇ ਅਤੇ ਜਨਤਕ ਥਾਵਾਂ ਸਾਫ਼ ਰਹਿੰਦੀਆਂ ਹਨ, ਸਗੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ। ਲੋਕ ਸਭਾ ਹਲਕਾ ਬਠਿੰਡਾ ਦੀ ਕੋਆਰਡੀਨੇਟਰ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਨੂੰ ਸਮਰਪਿਤ ਇਸ ਸਫ਼ਾਈ ਮੁਹਿੰਮ ਦਾ ਉਦੇਸ਼ ਸਵੱਛ ਭਾਰਤ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣਾ ਅਤੇ ਲੋਕਾਂ ਨੂੰ ਸਫ਼ਾਈ ਲਈ ਪ੍ਰੇਰਿਤ ਕਰਨਾ ਹੈ। ਗੁਰਪ੍ਰੀਤ ਸਿੰਘ ਮਲੂਕਾ ਨੇ ਦੱਸਿਆ ਕਿ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਭਾਜਪਾ ਦੇ ਜਨਰਲ ਸਕੱਤਰਾਂ, ਮੰਡਲ ਪ੍ਰਧਾਨਾਂ, ਮੋਰਚਾ ਪ੍ਰਧਾਨਾਂ ਅਤੇ ਵਰਕਰਾਂ ਵੱਲੋਂ ਕਰੀਬ 85 ਧਰਮਸ਼ਾਲਾਵਾਂ, ਸਕੂਲਾਂ, ਮੰਦਰਾਂ, ਗੁਰਦੁਆਰਿਆਂ, ਸ਼ਮਸ਼ਾਨ ਘਾਟਾਂ, ਪਾਰਕਾਂ ਅਤੇ ਗਊਸ਼ਾਲਾਵਾਂ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਐੱਸਸੀ ਮੋਰਚਾ ਪ੍ਰਧਾਨ ਸਵਰਨ ਸਿੰਘ, ਘੱਟ ਗਿਣਤੀ ਮੋਰਚਾ ਪ੍ਰਧਾਨ ਭਾਰਤ ਭੂਸ਼ਣ ਜੈਨ, ਜਨਰਲ ਸਕੱਤਰ ਚੰਦਨ ਕਾਂਤ, ਮੇਜਰ ਸਿੰਘ ਬਰਾੜ, ਵਿਵੇਕ ਗਰਗ, ਯੂਥ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਮਹਿਲਾ ਮੋਰਚਾ ਪ੍ਰਧਾਨ ਸੁਖਵਿੰਦਰ ਕੌਰ ਸ਼ੇਰਗੜ੍ਹ, ਜਨਰਲ ਸਕੱਤਰ ਅਮਨ ਚੱਠਾ ਰਾਮਾ ਅਤੇ ਹੋਰ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ। ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਵੀ ਇਸ ਮੌਕੇ ਮੌਜੂਦ ਸਨ।