- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੱਕੀ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਦਾ ਸੰਘਰਸ਼ ਤੇਜ਼, ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜਾਹਰਾ

- ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜਾਹਰਾ
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ
ਕੋਟ ਫੱਤਾ : ਪੰਜਾਬ ਦੀਆਂ ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਵਿਚ ਆਊਟਸੋਰਸ ਅਤੇ ਠੇਕਾ ਆਧਾਰ ’ਤੇ ਕੰਮ ਕਰ ਰਹੇ ਸਫ਼ਾਈ ਸੇਵਕਾਂ ਨੂੰ ਕੰਟਰੈਕਟ ’ਤੇ ਲੈਣ, ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਨਗਰ ਪੰਚਾਇਤ ਕੋਟ ਸ਼ਮੀਰ ਦੇ ਸਫ਼ਾਈ ਸੇਵਕਾਂ ਨੇ ਕੰਮਕਾਜ ਦਾ ਮੁਕੰਮਲ ਬਾਈਕਾਟ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਰਮਚਾਰੀਆਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਮਾਲਵਾ) ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਜੱਗਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਸਫ਼ਾਈ ਸੇਵਕਾਂ ਦੇ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ। ਯੂਨੀਅਨ ਦੇ ਪ੍ਰਧਾਨ ਸ਼ਿੰਦਾ ਰਾਮ ਨੇ ਕਿਹਾ ਕਿ ਸਫ਼ਾਈ ਸੇਵਕ ਪਿਛਲੇ ਕਈ ਸਾਲਾਂ ਤੋਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾਅ ਰਹੇ ਹਨ, ਪਰ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਨਾ ਨੌਕਰੀ ਦੀ ਸੁਰੱਖਿਆ ਮਿਲੀ ਹੈ ਅਤੇ ਨਾ ਹੀ ਉਨ੍ਹਾਂ ਦੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਕੋਈ ਠੋਸ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਨਹੀਂ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਯੂਨੀਅਨ ਵੱਲੋਂ ਸਰਕਾਰ ਨੂੰ ਭੇਜੇ 30 ਨੁਕਾਤੀ ਮੰਗ ਪੱਤਰ ਵਿਚ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਲਿਆਉਣ, ਕੰਟਰੈਕਟ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਕੱਚੇ ਕਰਮਚਾਰੀਆਂ ਦੀ ਤਨਖ਼ਾਹ ਵਿਚ 75 ਫ਼ੀਸਦੀ ਵਾਧਾ ਕਰਨ, ਘੱਟੋ-ਘੱਟ 30 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ਨਿਰਧਾਰਤ ਕਰਨ, ਜੋਖ਼ਮ ਭੱਤਾ, ਵਰਦੀਆਂ ਅਤੇ ਸੁਰੱਖਿਆ ਉਪਕਰਨ ਮੁਹੱਈਆ ਕਰਵਾਉਣ, ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ, ਛੇਵੇਂ ਪੇ-ਕਮਿਸ਼ਨ ਦੀਆਂ ਬਕਾਇਆ ਸਿਫ਼ਾਰਸ਼ਾਂ ਲਾਗੂ ਕਰਨ ਅਤੇ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਕੇ ਖਾਲੀ ਅਸਾਮੀਆਂ ’ਤੇ ਨਿਯਮਿਤ ਭਰਤੀ ਕਰਨ ਸਮੇਤ ਹੋਰ ਕਈ ਮੰਗਾਂ ਸ਼ਾਮਲ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਮਾਲਵਾ) ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਜੱਗਾ ਨੇ ਕਿਹਾ ਕਿ ਸਫ਼ਾਈ ਸੇਵਕ ਸਮਾਜ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ, ਪਰ ਸਰਕਾਰ ਉਨ੍ਹਾਂ ਦੇ ਹੱਕਾਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਠੇਕਾ ਪ੍ਰਣਾਲੀ ਕਰਮਚਾਰੀਆਂ ਦਾ ਆਰਥਿਕ ਅਤੇ ਸਮਾਜਿਕ ਸ਼ੋਸ਼ਣ ਕਰ ਰਹੀ ਹੈ, ਜਿਸ ਨੂੰ ਤੁਰੰਤ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਜਲਦੀ ਨਾ ਮੰਨੀਆਂ ਤਾਂ ਭਾਰਤੀ ਕਿਸਾਨ ਯੂਨੀਅਨ (ਮਾਲਵਾ) ਵੱਲੋਂ ਵੀ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਸੂਬਾ ਪੱਧਰ ’ਤੇ ਵੱਡਾ ਅੰਦੋਲਨ ਵਿੱਢਿਆ ਜਾਵੇਗਾ। ਧਰਨੇ ਵਿਚ ਯੂਨੀਅਨ ਦੇ ਪ੍ਰਧਾਨ ਸ਼ਿੰਦਾ ਰਾਮ ਦੇ ਨਾਲ ਭਾਰਤੀਆ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਦੀ ਅਗਵਾਈ ਹੇਠ ਬਨਵਾਰੀ, ਗੁਰਜੰਟ ਸਿੰਘ, ਸੰਜੂ, ਰਾਹੁਲ, ਅਮਰ ਸਿੰਘ, ਗੁਰਦੀਪ ਸਿੰਘ, ਅਮਿਤ ਕੁਮਾਰ, ਜਸਵੰਤ ਸਿੰਘ, ਦਵਿੰਦਰ ਸਿੰਘ, ਜੰਤੂ, ਮੰਗਲ ਸਿੰਘ, ਮੰਜੂ ਰਾਣੀ, ਵੀਰਪਾਲ ਕੌਰ, ਹਰਬੰਸ ਸਿੰਘ, ਬਾਲੀ ਰਾਮ, ਪਰਵੀਨ ਕੁਮਾਰ, ਕੈਲਾਸ਼ ਕੁਮਾਰ, ਮੰਦਰ ਸਿੰਘ, ਅਖਲੇਸ਼ ਸਮੇਤ ਵੱਡੀ ਗਿਣਤੀ ਵਿਚ ਸਫ਼ਾਈ ਸੇਵਕ ਹਾਜ਼ਰ ਸਨ।