- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਔਰਤਾਂ ਦੀਆਂ ਸੋਨੇ ਦੀਆਂ ਵਾਲੀਆਂ ਝਪਟੀਆਂ, ਵਾਰਦਾਤ ਸੀਸੀਟੀਵੀ ਕੈਮਰਿਆਂ ’ਚ ਕੈਦ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਥਾਣਾ ਸਿਵਲ ਲਾਈਨ ਅਧੀਨ ਆਉਂਦੇ ਇਲਾਕੇ ਵਿੱਚ ਚੋਰੀ ਦੇ ਮੋਟਰਸਾਈਕਲ ’ਤੇ ਸਵਾਰ ਇਕ ਸ਼ਾਤਰ ਝਪਟਮਾਰ ਨੇ ਦਿਨ-ਦਿਹਾੜੇ ਦੋ ਵੱਖ-ਵੱਖ ਥਾਵਾਂ ’ਤੇ ਔਰਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਮੁਲਜ਼ਮ ਨੇ ਦੋਵੇਂ ਵਾਰਦਾਤਾਂ ਨੂੰ ਇੱਕੋ ਜਿਹੇ ਢੰਗ ਨਾਲ ਅੰਜਾਮ ਦਿੱਤਾ। ਉਹ ਪਹਿਲਾਂ ਔਰਤਾਂ ਕੋਲ ਪਤਾ ਪੁੱਛਣ ਦੇ ਬਹਾਨੇ ਰੁਕਦਾ, ਉਨ੍ਹਾਂ ਨੂੰ ਗੱਲਾਂ ਵਿੱਚ ਉਲਝਾਉਂਦਾ ਅਤੇ ਮੌਕਾ ਮਿਲਦਿਆਂ ਹੀ ਵਾਲੀਆਂ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਜਾਂਦਾ। ਦੋਵੇਂ ਘਟਨਾਵਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਪੁਲਿਸ ਨੇ ਅਣਪਛਾਤੇ ਝਪਟਮਾਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਹਿਲੀ ਵਾਰਦਾਤ ਚੰਦਸਰ ਬਸਤੀ ਵਿੱਚ ਵਾਪਰੀ। ਪੀੜਤ ਬਜ਼ੁਰਗ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਾਮ ਕਰੀਬ ਸੱਤ ਵਜੇ ਗਲੀ ਵਿੱਚੋਂ ਲੰਘ ਰਹੀ ਸੀ। ਇਸ ਦੌਰਾਨ ਇੱਕ ਨੌਜਵਾਨ ਮੋਟਰਸਾਈਕਲ ’ਤੇ ਉਸ ਕੋਲ ਆਇਆ ਅਤੇ ਕਿਸੇ ਪਤੇ ਬਾਰੇ ਪੁੱਛਣ ਲੱਗਾ। ਜਿਵੇਂ ਹੀ ਔਰਤ ਉਸ ਨੂੰ ਰਸਤਾ ਦੱਸਣ ਲੱਗੀ ਤਾਂ ਮੁਲਜ਼ਮ ਨੇ ਝੱਟ ਨਾਲ ਉਸ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲ਼ੀਆਂ ਖਿੱਚ ਲਈਆਂ ਅਤੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ। ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਪੀੜਤਾ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਿਆ। ਦੂਜੀ ਘਟਨਾ ਮਾਡਲ ਟਾਊਨ ਫੇਜ਼-1 ਸਥਿਤ ਐੱਲਆਈਜੀ ਕੁਆਰਟਰਾਂ ਨੇੜੇ ਵਾਪਰੀ। ਇੱਥੇ ਘਰ ਦੇ ਬਾਹਰ ਬੈਠੀ ਸੁਨੀਤਾ ਰਾਣੀ ਨੂੰ ਵੀ ਮੁਲਜ਼ਮ ਨੇ ਗੱਲਾਂ ਵਿੱਚ ਉਲਝਾਇਆ ਅਤੇ ਅਚਾਨਕ ਉਸ ਦੇ ਕੰਨ ਵਿੱਚੋਂ ਸੋਨੇ ਦੀ ਬਾਲੀ ਝਪਟ ਕੇ ਫ਼ਰਾਰ ਹੋ ਗਿਆ। ਰੌਲਾ ਪੈਣ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਪਰ ਉਦੋਂ ਤੱਕ ਝਪਟਮਾਰ ਮੌਕੇ ਤੋਂ ਨਿਕਲ ਚੁੱਕਾ ਸੀ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ 14 ਜੁਲਾਈ ਨੂੰ ਜੈਤੋ ਦੇ ਸਰਕਾਰੀ ਹਸਪਤਾਲ ਦੇ ਬਾਹਰੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਸੀ। ਉਸੇ ਚੋਰੀਸ਼ੁਦਾ ਮੋਟਰਸਾਈਕਲ ਦੀ ਵਰਤੋਂ ਕਰ ਕੇ ਉਸ ਨੇ ਇਹ ਦੋਵੇਂ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਾਂਚ ਦੌਰਾਨ ਦੋਵੇਂ ਘਟਨਾਵਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਣ ਦੀ ਪੁਸ਼ਟੀ ਹੋਈ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ, ਤਕਨੀਕੀ ਸਬੂਤਾਂ ਅਤੇ ਹੋਰ ਸੁਰਾਗਾਂ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਮੁਲਜ਼ਮ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।