- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਵਿਗੜ ਰਹੀ ਕਾਨੂੰਨ ਵਿਵਸਥਾ ਤੋਂ ਹਰ ਵਰਗ ਚਿੰਤਤ - ਹਰਸਿਮਰਤ

ਧਰਮਪਾਲ ਸਿੰਘ, ਪੰਜਾਬੀ ਜਾਗਰਣ
ਸੰਗਤ ਮੰਡੀ : ਪੰਜਾਬ ਅੰਦਰ ਦਿਨੋਂ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਤੋਂ ਜਿੱਥੇ ਹਰ ਵਰਗ ਚਿੰਤਤ ਹੋਣ ਲੱਗਾ ਹੈ ਉੱਥੇ ਸੂਬੇ ਦਾ ਮੁੱਖ ਮੰਤਰੀ ਜਨਤਾ ਨੂੰ ਹਾਸਰਾਸ ਟੋਟਕੇ ਸੁਣਾਉਣ ਵਿੱਚ ਮਸਰੂਫ ਹੋਕੇ ਬੇਖ਼ਬਰ ਹੋਇਆ ਬੈਠਾ ਹੈ। ਇਹ ਗੱਲ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਹੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸੂਬੇ ’ਚ ਝਾੜੂ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬ ’ਚ ਕਾਨੂੰਨ ਵਿਵਸਥਾਂ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਆਏ ਦਿਨ ਕਤਲ ਫਿਰੌਤੀ ਅਤੇ ਹੋਰ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਕਾਰਨ ਆਮ ਲੋਕ ਦਹਿਸ਼ਤ ਦੇ ਮਾਹੌਲ ’ਚ ਜੀਅ ਰਹੇ ਹਨ। ਬੀਬੀ ਬਾਦਲ ਪਿੰਡ ਜੱਸੀ ਬਾਗਵਾਲੀ ਵਿਖੇ ਪਿਛਲੇ ਦਿਨੀਂ ਪਿੰਡ ਦੇ ਸਾਬਕਾ ਸਰਪੰਚ ਨੱਥਾ ਸਿੰਘ ਦੀ ਹੋਈ ਬੇਵਕਤੀ ਮੌਤ ’ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਹੱਦ ਤੱਕ ਵਿਗੜ ਚੁੱਕੇ ਹਨ ਕਿ ਸਵੇਰੇ ਘਰੋਂ ਦੁਕਾਨ ਜਾਂ ਦਫਤਰ ਲਈ ਨਿਕਲੇ ਵਿਅਕਤੀ ਲਈ ਸ਼ਾਮ ਨੂੰ ਸੁਰੱਖਿਤ ਘਰ ਵਾਪਸ ਆਉਣ ਬਾਰੇ ਵੀ ਪਰਿਵਾਰ ਚਿੰਤਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਸਮੇਂ ਸਰਕਾਰ ਨੇ ਪੰਜਾਬ ’ਚੋਂ ਨਸ਼ਾ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਪਰ ਉਨ੍ਹਾਂ ਦੇ ਦੋਸ਼ ਅਨੁਸਾਰ ਅੱਜ ਸੂਬੇ ’ਚ ਨਸ਼ਾ ਪਹਿਲਾਂ ਨਾਲੋਂ ਵੀ ਵੱਧ ਫੈਲ ਚੁੱਕਾ ਹੈ ਅਤੇ ਨਸ਼ਿਆਂ ਕਾਰਨ ਅਨੇਕਾਂ ਪਰਿਵਾਰਾਂ ਦੇ ਨੌਜਵਾਨ ਪੁੱਤ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਉਨ੍ਹਾਂ ਸੂਬਾ ਸਰਕਾਰ ਵੱਲੋਂ ਔਰਤਾਂ ਲਈ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਦੇ ਐਲਾਨਾਂ ’ਤੇ ਵੀ ਸਵਾਲ ਚੁੱਕੇ ਅਤੇ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦਾ ਭਰੋਸਾ ਹਾਸਲ ਕਰਨ ਲਈ ਅਜਿਹੇ ਐਲਾਨ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਕਾਂਗਰਸ ਪਾਰਟੀ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਾਂਗਰਸ ਨੇ ਵੀ ਪੰਜਾਬ ’ਚੋਂ ਨਸ਼ਾ ਖਤਮ ਕਰਨ ਲਈ ਚਾਰ ਹਫਤਿਆਂ ਦਾ ਵਾਅਦਾ ਕੀਤਾ ਸੀ, ਪਰ ਉਹ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਨਸ਼ਿਆਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਆਗੂ ਪੰਜਾਬ ਦੇ ਮੁੱਦਿਆਂ ਦੀ ਬਜਾਏ ਪਾਰਟੀ ਦੀ ਪ੍ਰਧਾਨਗੀ ਅਤੇ ਮੁੱਖ ਮੰਤਰੀ ਦੀ ਕੁਰਸੀ ਲਈ ਆਪਸੀ ਖਿੱਚੋਤਾਣ ’ਚ ਲੱਗੇ ਹੋਏ ਦਿੱਲੀ ਵਾਲਿਆਂ ਦੇ ਪੈਰਾਂ ’ਚ ਬੈਠੇ ਹਨ। ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਪੰਜਾਬ ’ਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਅਤੇ ਵਿਕਾਸ ਨੂੰ ਤਰਜੀਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬਠਿੰਡਾ ’ਚ ਏਮਜ਼ ਰਿਫਾਇਨਰੀ ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਮੈਰੀਟੋਰੀਅਸ ਸਕੂਲ ਵਰਗੇ ਵੱਡੇ ਪ੍ਰੋਜੈਕਟ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਲਿਆਂਦੇ ਗਏ, ਜਿਨ੍ਹਾਂ ਦਾ ਲਾਭ ਅੱਜ ਪੂਰੇ ਮਾਲਵੇ ਖੇਤਰ ਦੇ ਲੋਕਾਂ ਨੂੰ ਮਿਲ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਅਤੇ ਓਐੱਸਡੀ ਗੁਰਚਰਨ ਸਿੰਘ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਬਲਜਿੰਦਰ ਸਿੰਘ ਜੱਸੀ, ਕਾਲਾ ਮੈਂਬਰ ਜੱਸੀ, ਗੁਰਲਾਲ ਸਿੰਘ ਸੰਗਤ, ਸੰਦੀਪ ਕੁਮਾਰ ਸੰਗਤ, ਕੌਰ ਸਿੰਘ ਜੱਸੀ, ਮੈਂਬਰ ਸਿੰਘ ਸਰਕਲ ਪ੍ਰਧਾਨ ਮਛਾਣਾ, ਜਥੇਦਾਰ ਰੇਸ਼ਮ ਸਿੰਘ ਸਿੱਧੂ, ਯੂਥ ਪ੍ਰਧਾਨ ਕਮਲਦੀਪ ਸਿੰਘ ਸੰਗਤ ਸਮੇਤ ਹੋਰ ਵੀ ਅਕਾਲੀ ਆਗੂ ਅਤੇ ਪਾਰਟੀ ਵਰਕਰ ਮੌਜੂਦ ਸਨ।