3 ਪਿਸਟਲ, 1 ਰਾਈਫਲ, ਕਾਰਤੂਸ, ਹੈਰੋਇਨ ਤੇ ਕਾਰ ਸਣੇ ਚਾਰ ਗ੍ਰਿਫ਼ਤਾਰ, ਨਜਾਇਜ਼ ਅਸਲੇ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ, 3 ਪਿਸਟਲ, 1 ਰਾਈਫਲ, ਕਾਰਤੂਸ, ਹੈਰੋਇਨ ਤੇ ਕਾਰ ਬਰਾਮਦ
Publish Date: Thu, 16 Jul 2026 06:30 PM (IST)
Updated Date: Fri, 17 Jul 2026 04:05 AM (IST)
* ਪਿਛਲੇ ਵਰ੍ਹੇ ਨਵੰਬਰ ’ਚ ਕਪੂਰਥਲਾ ਜੇਲ੍ਹ ’ਚੋਂ ਰਿਹਾਅ ਹੋਇਆ ਸੀ ਮੁਲਜ਼ਮ * ਮੁਲਜ਼ਮਾਂ ਤੋਂ ਪੁਲਿਸ ਕਰ ਰਹੀ ਪੁੱਛਗਿੱਛ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਫੋਟੋ:1 ਕੈਪਸ਼ਨ: .9 ਐਮਐਮ ਆਸਟ੍ਰੀਆ ਦੇ ਬਣੇ ਗਲੌਕ ਅਤੇ 30 ਬੋਰ ਪਿਸਟਲ ਸਮੇਤ ਫੜ੍ਹਿਆ ਮੁਲਜ਼ਮ ਪੁਲਿਸ ਪਾਰਟੀ ਨਾਲ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਪੁਲਿਸ ਨੇ ਗ਼ੈਰ-ਕਾਨੂੰਨੀ ਹਥਿਆਰਾਂ ਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਨਾਜਾਇਜ਼ ਅਸਲਾ, ਕਾਰਤੂਸ, ਹੈਰੋਇਨ ਤੇ ਇਕ ਕਾਰ ਬਰਾਮਦ ਕੀਤੀ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ’ਚ ਗੈਂਗਸਟਰ ਸੋਨੂੰ ਖੱਤਰੀ ਗੈਂਗ ਦਾ ਗੁਰਗਾ ਵੀ ਸ਼ਾਮਲ ਹੈ, ਜਿਸ ਕੋਲੋਂ ਆਸਟ੍ਰੀਆ ਦਾ ਬਣਿਆ .9 ਐੱਮਐੱਮ ਗਲੌਕ ਤੇ .30 ਬੋਰ ਪਿਸਟਲ ਬਰਾਮਦ ਕੀਤਾ ਗਿਆ ਹੈ। ਉਕਤ ਮੁਲਜ਼ਮ ਪਿਛਲੇ ਵਰ੍ਹੇ ਨਵੰਬਰ ਮਹੀਨੇ ਹੀ ਕਪੂਰਥਲਾ ਜੇਲ੍ਹ ’ਚੋਂ ਰਿਹਾਅ ਹੋਇਆ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਪਹਿਲੇ ਮਾਮਲੇ ’ਚ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਰਾਜ ਕੁਮਾਰ ਵਾਸੀ ਚਹਿਲਾਵਾਲੀ (ਜ਼ਿਲ੍ਹਾ ਮਾਨਸਾ), ਸੇਵਕ ਸਿੰਘ ਵਾਸੀ ਤਲਵੰਡੀ ਸਾਬੋ ਤੇ ਧਰਮਪ੍ਰੀਤ ਸਿੰਘ ਵਾਸੀ ਤਖ਼ਤ ਮੱਲ ਜ਼ਿਲ੍ਹਾ ਸਿਰਸਾ ਹਰਿਆਣਾ ਨੂੰ ਕਾਬੂ ਕੀਤਾ। ਪੁਲਿਸ ਨੇ ਤਿੰਨਾਂ ਦੇ ਕਬਜ਼ੇ ’ਚੋਂ 6.50 ਗ੍ਰਾਮ ਹੈਰੋਇਨ, ਇਕ ਪਿਸਤੌਲ .315 ਬੋਰ ਰਾਈਫਲ ਤੇ ਇਕ ਸਵਿਫਟ ਡਿਜ਼ਾਇਰ ਕਾਰ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਬਰਾਮਦ ਕੀਤੇ ਹਥਿਆਰ ਤੇ ਨਸ਼ੀਲਾ ਪਦਾਰਥ ਉਨ੍ਹਾਂ ਕਿੱਥੋਂ ਖ਼ਰੀਦ ਕੀਤਾ ਸੀ ਤੇ ਹਥਿਆਰ ਕਿੱਥੇ ਇਸਤੇਮਾਲ ਕੀਤੇ ਜਾਣੇ ਸਨ। ਦੂਜੇ ਮਾਮਲੇ ’ਚ ਸੀਆਈਏ ਸਟਾਫ਼ ਬਠਿੰਡਾ ਨੇ ਭੁੱਚੋ ਕਲਾਂ ਇਲਾਕੇ ’ਚ ਕੀਤੀ ਕਾਰਵਾਈ ਦੌਰਾਨ ਗੈਂਗਸਟਰ ਸੋਨੂੰ ਖੱਤਰੀ ਗੈਂਗ ਦੇ ਗੁਰਗੇ ਜਸਪਾਲ ਸਿੰਘ ਵਾਸੀ ਪਿੰਡ ਜੈਦ ਨੂੰ ਗ਼ੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਪੁਲਿਸ ਨੇ ਉਸ ਦੇ ਕਬਜ਼ੇ ’ਚੋਂ ਆਸਟ੍ਰੀਆ ਦਾ ਬਣਿਆ 9 ਐੱਮਐੱਮ ਗਲੌਕ, ਇਕ ਕਾਰਤੂਸ, ਇਕ .30 ਬੋਰ ਕੰਟਰੀਮੇਡ ਪਿਸਟਲ ਤੇ ਤਿੰਨ ਕਾਰਤੂਸ ਬਰਾਮਦ ਕੀਤੇ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਡਾ. ਜਯੋਤੀ ਯਾਦਵ ਬੈਂਸ ਨੇ ਦੱਸਿਆ ਕਿ ਪੁਛਗਿੱਛ ’ਚ ਸਾਹਮਣੇ ਆਇਆ ਹੈ ਕਿ ਕਥਿਤ ਦੋਸ਼ੀ 18 ਨਵੰਬਰ 2025 ਨੂੰ ਜ਼ਮਾਨਤ ਉੱਪਰ ਕਪੂਰਥਲਾ ਜੇਲ੍ਹ ’ਚੋਂ ਰਿਹਾਅ ਹੋਇਆ ਸੀ। ਪਿਛਲੇ ਦਿਨੀਂ ਪਿੰਡ ਲਹਿਰਾ ਮੁਹੱਬਤ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਵਿਵਾਦ ’ਚ ਨਥਾਣਾ ਥਾਣੇ ’ਚ ਕੇਸ ਦਰਜ ਕੀਤਾ ਗਿਆ ਸੀ, ਜਿਸ ’ਚ ਜਸਪਾਲ ਸਿੰਘ ਵੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਲਹਿਰਾ ਮੁਹੱਬਤ ’ਚ ਜ਼ਮੀਨ ’ਤੇ ਕਬਜ਼ੇ ਮੌਕੇ ਮੁਲਜ਼ਮ ਨੇ ਆਸਟ੍ਰੀਆ ਦੇ ਬਣੇ .9 ਐੱਮਐੱਮ ਗਲੌਕ ਨਾਲ ਫਾਈਰਿੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਮੁਲਜ਼ਮ ਭਗੌੜਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਕਤ ਹਥਿਆਰ ਕਥਿਤ ਦੋਸ਼ੀ ਨੂੰ ਸੋਨੂੰ ਖੱਤਰੀ ਗੈਂਗ ਨੇ ਮੁਹੱਈਆ ਕਰਵਾਏ ਸਨ। 10 ਅਪਰਾਧਿਕ ਮਾਮਲਿਆਂ ’ਚ ਰਹਿ ਚੁੱਕਾ ਹੈ ਨਾਮਜ਼ਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਜੈਦ ਵਾਸੀ ਜਸਪਾਲ ਸਿੰਘ ਉਰਫ਼ ਜੱਸਾ ਜੈਦ (30) ਖ਼ਿਲਾਫ਼ ਦਰਜ ਗੰਭੀਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ ਪੁਲਿਸ ਵੱਲੋਂ ਉਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਰਿਕਾਰਡ ਅਨੁਸਾਰ ਜਸਪਾਲ ਸਿੰਘ 18 ਨਵੰਬਰ 2025 ਨੂੰ ਕਪੂਰਥਲਾ ਜੇਲ੍ਹ ਤੋਂ ਜ਼ਮਾਨਤ ਤੇ ਰਿਹਾਅ ਹੋਇਆ ਸੀ ਅਤੇ ਇਸ ਸਮੇਂ ਆਪਣੇ ਘਰ ’ਚ ਰਹਿ ਰਿਹਾ ਹੈ। ਪੁਲਿਸ ਰਿਕਾਰਡ ਮੁਤਾਬਕ ਜਸਪਾਲ ਸਿੰਘ ਉਰਫ਼ ਜੱਸਾ ਜੈਦ ਖ਼ਿਲਾਫ਼ ਸਾਲ 2018 ਤੋਂ 2025 ਤੱਕ ਵੱਖ-ਵੱਖ ਥਾਣਿਆਂ ’ਚ ਕੁੱਲ 10 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ’ਚ ਚੋਰੀ, ਲੁੱਟ-ਖੋਹ, ਕਤਲ ਦੀ ਕੋਸ਼ਿਸ਼, ਗ਼ੈਰ-ਕਾਨੂੰਨੀ ਹਥਿਆਰ ਰੱਖਣ, ਸਰਕਾਰੀ ਡਿਊਟੀ ’ਚ ਰੁਕਾਵਟ ਪਾਉਣ ਤੇ ਐੱਨਡੀਪੀਐੱਸ ਐਕਟ ਤਹਿਤ ਦਰਜ ਮਾਮਲੇ ਸ਼ਾਮਲ ਹਨ। ਉਸ ਖ਼ਿਲਾਫ਼ ਥਾਣਾ ਸਦਰ ਰਾਮਪੁਰਾ ’ਚ ਚੋਰੀ ਦਾ ਇਕ ਮਾਮਲਾ, ਥਾਣਾ ਰਾਮਾਂ ’ਚ ਲੁੱਟ ਤੇ ਹੋਰ ਗੰਭੀਰ ਧਾਰਾਵਾਂ ਤਹਿਤ ਮਾਮਲਾ, ਥਾਣਾ ਸਿਟੀ ਮਾਨਸਾ ’ਚ ਆਰਮਜ਼ ਐਕਟ ਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਅਧੀਨ ਮਾਮਲਾ, ਥਾਣਾ ਧਨੌਲਾ ’ਚ ਚੋਰੀ ਤੇ ਸਬੂਤ ਮਿਟਾਉਣ ਦਾ ਮਾਮਲਾ, ਥਾਣਾ ਤਪਾ ਤੇ ਮਹਿਲ ਕਲਾਂ ’ਚ ਆਰਮਜ਼ ਐਕਟ ਅਤੇ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਮਾਮਲੇ, ਥਾਣਾ ਕੋਤਵਾਲੀ ਬਠਿੰਡਾ ’ਚ ਐੱਨਡੀਪੀਐੱਸ ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲੇ ਦਰਜ ਹਨ।