- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਈਵੇ 'ਤੇ ਸਫ਼ਰ ਹੋਇਆ ਮਹਿੰਗਾ, ਟੋਲ ਟੈਕਸ ਵਿੱਚ 5 ਫੀਸਦੀ ਤਕ ਵਾਧਾ ਲਾਗੂ

* ਚੰਡੀਗੜ੍ਹ ਜਾਣ ਲਈ ਕਾਰ ਚਾਲਕਾਂ ਨੂੰ 35 ਤੇ ਅੰਮ੍ਰਿਤਸਰ ਜਾਣ ਲਈ 25 ਰੁਪਏ ਵਾਧੂ ਦੇਣੇ ਪੈਣਗੇ
* ਐੱਨਐੱਚਏਆਈ ਨੇ ਜਾਰੀ ਕੀਤੀਆਂ ਨਵੀਆਂ ਦਰਾਂ, ਬੱਸਾਂ ਤੇ ਭਾਰੀ ਵਪਾਰਕ ਵਾਹਨਾਂ ਦੇ ਟੋਲ ’ਚ ਵੀ ਵਾਧਾ
ਫੋਟੋ:11
ਕੈਪਸ਼ਨ: ਬਠਿੰਡਾ ਮਲੋਟ ਰੋਡ ’ਤੇ ਸਥਿਤ ਟੋਲ ਪਲਾਜ਼ਾ ਜਿੱਥੇ ਇਹ ਵਧੀਆਂ ਦਰ੍ਹਾਂ ਲਾਗੂ ਹੋ ਚੁੱਕੀਆਂ ਹਨ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਕੌਮੀ ਰਾਜਮਾਰਗਾਂ 'ਤੇ ਸਫ਼ਰ ਕਰਨ ਵਾਲੇ ਲੋਕਾਂ ਲਈ ਹੁਣ ਯਾਤਰਾ ਪਹਿਲਾਂ ਨਾਲੋਂ ਮਹਿੰਗੀ ਹੋ ਗਈ ਹੈ। ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ (ਐੱਨਐੱਚਏਆਈ) ਵੱਲੋਂ ਦੇਸ਼ ਭਰ ਦੇ ਟੋਲ ਪਲਾਜ਼ਿਆਂ 'ਤੇ ਟੋਲ ਟੈਕਸ ਦੀਆਂ ਦਰਾਂ ’ਚ ਲਗਭਗ 5 % ਤੱਕ ਵਾਧਾ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਠਿੰਡਾ ਰਾਹੀਂ ਲੰਘਦੇ ਕੌਮੀ ਰਾਜ ਮਾਰਗਾਂ 'ਤੇ ਸਥਿਤ ਸਾਰੇ ਪ੍ਰਮੁੱਖ ਟੋਲ ਪਲਾਜ਼ਿਆਂ 'ਤੇ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ। ਇਸ ਵਾਧੇ ਦਾ ਸਭ ਤੋਂ ਵੱਧ ਅਸਰ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ, ਨਿੱਜੀ ਵਾਹਨ ਚਾਲਕਾਂ, ਬੱਸ ਆਪਰੇਟਰਾਂ, ਟਰੱਕ ਮਾਲਕਾਂ ਤੇ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੋਕਾਂ 'ਤੇ ਪਵੇਗਾ। ਭਾਵੇਂ ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਵੱਲੋਂ ਨਿੱਜੀ ਵਾਹਨ ਮਾਲਕਾਂ ਨੂੰ 3,000 ਰੁਪਏ ਦੇ ਸਾਲਾਨਾ ਪਾਸ ਤਹਿਤ 200 ਟੋਲ ਯਾਤਰਾਵਾਂ ਦੀ ਸਹੂਲਤ ਦੇ ਕੇ ਕੁਝ ਰਾਹਤ ਦਿੱਤੀ ਗਈ ਹੈ, ਪਰ ਵਪਾਰਕ ਵਾਹਨਾਂ ਲਈ ਇਸ ਤਰ੍ਹਾਂ ਦੀ ਕੋਈ ਵੱਡੀ ਰਾਹਤ ਨਹੀਂ ਹੈ। ਇਸ ਕਾਰਨ ਟਰਾਂਸਪੋਰਟ ਕੰਪਨੀਆਂ ਤੇ ਕਮਰਸ਼ੀਅਲ ਵਾਹਨ ਚਾਲਕਾਂ 'ਤੇ ਟੋਲ ਟੈਕਸ ਦਾ ਵਾਧੂ ਬੋਝ ਪਵੇਗਾ, ਜਿਸ ਦਾ ਅਸਰ ਆਵਾਜਾਈ ਦੀ ਲਾਗਤ 'ਤੇ ਵੀ ਨਜ਼ਰ ਆਵੇਗਾ। ਐੱਨਐੱਚਏਆਈ ਵੱਲੋਂ ਜਾਰੀ ਕੀਤੀਆਂ ਨਵੀਆਂ ਦਰਾਂ ਅਨੁਸਾਰ ਕਾਰ, ਜੀਪ ਤੇ ਵੈਨ ਵਰਗੇ ਹਲਕੇ ਵਾਹਨਾਂ ਲਈ ਹਰ ਟੋਲ ਪਲਾਜ਼ੇ 'ਤੇ ਲਗਭਗ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਬੱਸਾਂ, ਟਰੱਕਾਂ ਅਤੇ ਹੋਰ ਭਾਰੀ ਵਪਾਰਕ ਵਾਹਨਾਂ ਲਈ ਟੋਲ ਫੀਸ ਵਿੱਚ 20 ਰੁਪਏ ਜਾਂ ਇਸ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ। ਸੋਧੀਆਂ ਗਈਆਂ ਦਰਾਂ ਦਾ ਗਜ਼ਟ ਜਾਰੀ ਹੋਣ ਤੋਂ ਬਾਅਦ ਇਹ ਨਵੇਂ ਰੇਟ ਤੁਰੰਤ ਪ੍ਰਭਾਵ ਨਾਲ ਸਾਰੇ ਟੋਲ ਪਲਾਜ਼ਿਆਂ 'ਤੇ ਲਾਗੂ ਕਰ ਦਿੱਤੇ ਗਏ ਹਨ। ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਚਾਲਕਾਂ ਨੂੰ ਹੁਣ ਜ਼ਿਲ੍ਹੇ ਦੇ ਪਿੰਡ ਲਹਿਰਾ ਬੇਗਾ ਸਥਿਤ ਟੋਲ ਪਲਾਜ਼ੇ 'ਤੇ ਪਹਿਲਾਂ ਨਾਲੋਂ 5 ਰੁਪਏ ਵੱਧ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਬਠਿੰਡਾ-ਅੰਮ੍ਰਿਤਸਰ ਮਾਰਗ 'ਤੇ ਪਿੰਡ ਜੀਦਾ ਅਤੇ ਬਠਿੰਡਾ-ਮਲੋਟ ਰੋਡ 'ਤੇ ਪਿੰਡ ਬੱਲੂਆਣਾ ਸਥਿਤ ਟੋਲ ਪਲਾਜ਼ਿਆਂ 'ਤੇ ਵੀ ਕਾਰ ਚਾਲਕਾਂ ਲਈ 5-5 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਚੰਡੀਗੜ੍ਹ ਜਾਣ ਵਾਲੇ ਰੂਟ ’ਤੇ ਪੈਂਦੇ ਨੇ ਕੁੱਲ ਪੰਜ ਟੋਲ ਪਲਾਜ਼ੇ
ਚੰਡੀਗੜ੍ਹ ਜਾਣ ਵਾਲੇ ਰੂਟ 'ਤੇ ਕੁੱਲ ਪੰਜ ਟੋਲ ਪਲਾਜ਼ੇ ਪੈਂਦੇ ਹਨ। ਹਰ ਟੋਲ 'ਤੇ ਵਧੀਆਂ ਹੋਈਆਂ ਦਰਾਂ ਦੇ ਕਾਰਨ ਇੱਕ ਪਾਸੇ ਦੀ ਯਾਤਰਾ ਦੌਰਾਨ ਕਾਰ ਚਾਲਕਾਂ ਨੂੰ ਕੁੱਲ 35 ਰੁਪਏ ਵੱਧ ਖਰਚ ਕਰਨੇ ਪੈਣਗੇ। ਇਸੇ ਤਰ੍ਹਾਂ ਅੰਮ੍ਰਿਤਸਰ ਜਾਣ ਵਾਲੇ ਰਸਤੇ 'ਤੇ ਤਿੰਨ ਟੋਲ ਪਲਾਜ਼ੇ ਹੋਣ ਕਾਰਨ ਯਾਤਰੀਆਂ ਨੂੰ ਕੁੱਲ 25 ਰੁਪਏ ਵਾਧੂ ਟੋਲ ਅਦਾ ਕਰਨਾ ਪਵੇਗਾ। ਮਲੋਟ ਵੱਲ ਜਾਣ ਵਾਲੇ ਵਾਹਨ ਚਾਲਕਾਂ ਨੂੰ ਵੀ ਬੱਲੂਆਣਾ ਟੋਲ ਪਲਾਜ਼ੇ 'ਤੇ 5 ਰੁਪਏ ਵੱਧ ਟੋਲ ਦੇਣਾ ਪਵੇਗਾ।
ਰੋਜ਼ਾਨਾ ਨੌਕਰੀ, ਕਾਰੋਬਾਰ ਜਾਂ ਹੋਰ ਕੰਮਾਂ ਲਈ ਹਾਈਵੇ ਦੀ ਵਰਤੋਂ ਕਰਨ ਵਾਲੇ ਲੋਕਾਂ 'ਤੇ ਇਸ ਵਾਧੇ ਦਾ ਸਿੱਧਾ ਅਸਰ ਪਵੇਗਾ। ਭਾਵੇਂ ਇੱਕ ਟੋਲ 'ਤੇ ਵਾਧਾ ਘੱਟ ਦਿਖਾਈ ਦਿੰਦਾ ਹੈ, ਪਰ ਹਰ ਰੋਜ਼ ਆਉਣ-ਜਾਣ ਵਾਲੇ ਲੋਕਾਂ ਲਈ ਇਹ ਮਹੀਨਾਵਾਰ ਅਤੇ ਸਾਲਾਨਾ ਖਰਚੇ ਵਿੱਚ ਵੱਡਾ ਵਾਧਾ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਮਾਸਿਕ ਟੋਲ ਪਾਸਾਂ ਦੀਆਂ ਦਰਾਂ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਨਿਯਮਿਤ ਯਾਤਰੀਆਂ ਦਾ ਖਰਚ ਹੋਰ ਵਧੇਗਾ।
ਐੱਨਐੱਚਏਆਈ ਦਾ ਕਹਿਣਾ ਹੈ ਕਿ ਟੋਲ ਦਰਾਂ ’ਚ ਕੀਤੀ ਗਈ ਇਹ ਸੋਧ ਸੜਕਾਂ ਦੇ ਨਿਰਮਾਣ, ਰੱਖ-ਰਖਾਅ, ਮੁਰੰਮਤ, ਕੌਮੀ ਰਾਜ ਮਾਰਗਾਂ ਦੇ ਵਿਸਥਾਰ ਅਤੇ ਆਧੁਨਿਕ ਸਹੂਲਤਾਂ ਦੇ ਵਿਕਾਸ ਲਈ ਲੋੜੀਂਦੇ ਵਿੱਤੀ ਸਰੋਤ ਇਕੱਠੇ ਕਰਨ ਲਈ ਜ਼ਰੂਰੀ ਹੈ। ਅਥਾਰਟੀ ਅਨੁਸਾਰ ਹਰ ਸਾਲ ਵਧ ਰਹੀ ਨਿਰਮਾਣ ਲਾਗਤ, ਸੜਕਾਂ ਦੀ ਸੰਭਾਲ ਅਤੇ ਟ੍ਰੈਫਿਕ ਪ੍ਰਬੰਧਨ 'ਤੇ ਹੋਣ ਵਾਲੇ ਖਰਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਟੋਲ ਦਰਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਉਸ ਦੇ ਅਨੁਸਾਰ ਸੋਧ ਕੀਤੀ ਜਾਂਦੀ ਹੈ।