ਸਬਜ਼ੀ ਮੰਡੀ ’ਚ ਫਲ ਚੋਰ ਰੰਗੇ ਹੱਥੀਂ ਕਾਬੂ, ਵਿਕਰੇਤਾਵਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਸਬਜ਼ੀ ਮੰਡੀ ਵਿੱਚ ਫਲ ਚੋਰ ਰੰਗੇ ਹੱਥੀਂ ਕਾਬੂ, ਵਿਕਰੇਤਾਵਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ
Publish Date: Wed, 15 Jul 2026 06:15 PM (IST)
Updated Date: Thu, 16 Jul 2026 04:02 AM (IST)
* ਤਿੰਨ ਦਿਨਾਂ ਤੋਂ ਮਹਿੰਗੇ ਫਲਾਂ ਦੀ ਕਰ ਰਹੇ ਸੀ ਚੋਰੀ, ਦੁਕਾਨਦਾਰਾਂ ਨੇ ਨਜ਼ਰ ਰੱਖ ਕੇ ਪਪੀਤਾ ਚੁੱਕਦਿਆਂ ਦਬੋਚਿਆ * ਰੇਹੜੀ ਚਾਲਕਾਂ ਨੂੰ ਹੋ ਰਿਹਾ ਸੀ ਆਰਥਿਕ ਨੁਕਸਾਨ, ਮੰਡੀ ’ਚ ਗਸ਼ਤ ਵਧਾਉਣ ਦੀ ਮੰਗ ਫੋਟੋ:28 ਕੈਪਸ਼ਨ: ਸਬਜ਼ੀ ਮੰਡੀ ਵਿਚ ਚੋਰੀ ਕਰਦੇ ਫੜ੍ਹੇ ਗਏ ਨੌਜਵਾਨ ਦੀ ਕੁੱਟਮਾਰ ਕਰਦੇ ਲੋਕ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਦੀ ਸਬਜ਼ੀ ਮੰਡੀ ’ਚ ਪਿਛਲੇ ਕਈ ਦਿਨਾਂ ਤੋਂ ਮਹਿੰਗੇ ਫਲਾਂ ਦੀਆਂ ਹੋ ਰਹੀਆਂ ਚੋਰੀਆਂ ਤੋਂ ਪ੍ਰੇਸ਼ਾਨ ਫਲ ਵਿਕਰੇਤਾਵਾਂ ਨੇ ਆਖ਼ਰਕਾਰ ਇਕ ਕਥਿਤ ਚੋਰ ਨੂੰ ਰੰਗੇ ਹੱਥੀਂ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਦੋਸ਼ ਹੈ ਕਿ ਉਕਤ ਵਿਅਕਤੀ ਲਗਾਤਾਰ ਤਿੰਨ ਦਿਨਾਂ ਤੋਂ ਮੰਡੀ ਦੀਆਂ ਵੱਖ-ਵੱਖ ਦੁਕਾਨਾਂ ਤੇ ਰੇਹੜੀਆਂ ਤੋਂ ਮਹਿੰਗੇ ਫਲ ਚੋਰੀ ਕਰ ਰਿਹਾ ਸੀ। ਬੁੱਧਵਾਰ ਨੂੰ ਫਲ ਵਿਕਰੇਤਾਵਾਂ ਨੇ ਪਹਿਲਾਂ ਹੀ ਉਸ ਤੇ ਨਜ਼ਰ ਰੱਖੀ ਹੋਈ ਸੀ ਅਤੇ ਜਿਵੇਂ ਹੀ ਉਸ ਨੇ ਇੱਕ ਰੇਹੜੀ ਤੋਂ ਪਪੀਤਾ ਚੁੱਕਿਆ ਤਾਂ ਉਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ। ਗੁੱਸੇ ਵਿੱਚ ਆਏ ਕੁਝ ਵਿਕਰੇਤਾਵਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦੇ ਕੇ ਉਸ ਨੂੰ ਹਵਾਲੇ ਕਰ ਦਿੱਤਾ ਗਿਆ। ਫਲ ਵਿਕਰੇਤਾਵਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੰਡੀ ਵਿੱਚ ਮਹਿੰਗੇ ਫਲਾਂ ਦੀ ਲਗਾਤਾਰ ਚੋਰੀ ਹੋ ਰਹੀ ਸੀ। ਇਨ੍ਹਾਂ ਘਟਨਾਵਾਂ ਕਾਰਨ ਖ਼ਾਸ ਕਰਕੇ ਛੋਟੇ ਰੇਹੜੀ ਚਾਲਕਾਂ ਅਤੇ ਦੁਕਾਨਦਾਰਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਸੀ। ਇਸ ਕਾਰਨ ਮੰਡੀ ਦੇ ਵਪਾਰੀਆਂ ਨੇ ਆਪਸ ’ਚ ਸਲਾਹ ਕਰ ਕੇ ਸ਼ੱਕੀ ਵਿਅਕਤੀ ਤੇ ਨਜ਼ਰ ਰੱਖਣ ਦਾ ਫ਼ੈਸਲਾ ਕੀਤਾ। ਜਦੋਂ ਉਹ ਇੱਕ ਰੇਹੜੀ ਤੋਂ ਪਪੀਤਾ ਚੁੱਕ ਕੇ ਜਾਣ ਲੱਗਾ ਤਾਂ ਮੌਕੇ ਤੇ ਮੌਜੂਦ ਵਿਕਰੇਤਾਵਾਂ ਨੇ ਉਸ ਨੂੰ ਘੇਰ ਕੇ ਫੜ ਲਿਆ। ਫਲ ਵਿਕਰੇਤਾ ਰਾਜਨ ਢੀਂਗੜਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੰਡੀ ਵਿੱਚ ਫਲ ਚੋਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਲਗਾਤਾਰ ਹੋ ਰਹੇ ਨੁਕਸਾਨ ਕਾਰਨ ਸਾਰੇ ਦੁਕਾਨਦਾਰ ਚੌਕਸ ਹੋ ਗਏ ਸਨ ਅਤੇ ਸ਼ੱਕੀ ਵਿਅਕਤੀ ਦੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਉਸ ਨੂੰ ਫਲ ਚੋਰੀ ਕਰਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇੱਕ ਹੋਰ ਫਲ ਵਿਕਰੇਤਾ ਖੁਸ਼ੀ ਰਾਮ ਨੇ ਦੱਸਿਆ ਕਿ ਉਹ ਰੇਹੜੀ ਲਗਾ ਕੇ ਫਲ ਵੇਚਦੇ ਹਨ ਅਤੇ ਰੋਜ਼ਾਨਾ ਜਿਸ ਵਪਾਰੀ ਤੋਂ ਫਲ ਖਰੀਦਦੇ ਹਨ, ਉਸ ਦਾ ਪੂਰਾ ਹਿਸਾਬ ਦੇਣਾ ਪੈਂਦਾ ਹੈ। ਅਜਿਹੇ |ਚ ਜੇਕਰ ਫਲ ਚੋਰੀ ਹੋ ਜਾਣ ਤਾਂ ਉਸ ਦਾ ਸਿੱਧਾ ਨੁਕਸਾਨ ਉਨ੍ਹਾਂ ਨੂੰ ਆਪਣੀ ਜੇਬ ਵਿੱਚੋਂ ਭਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਥਿਤ ਚੋਰ ਹਰ ਰੋਜ਼ ਮਹਿੰਗੇ ਫਲ ਚੋਰੀ ਕਰ ਰਿਹਾ ਸੀ, ਜਿਸ ਕਾਰਨ ਛੋਟੇ ਵਪਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫਲ ਵਿਕਰੇਤਾ ਪੀਪਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਪਿਛਲੇ ਤਿੰਨ ਦਿਨਾਂ ਤੋਂ ਮੰਡੀ ਵਿੱਚ ਆ ਕੇ ਵੱਖ-ਵੱਖ ਰੇਹੜੀਆਂ ਤੋਂ ਫਲ ਚੋਰੀ ਕਰ ਰਿਹਾ ਸੀ। ਉਸ ਨੂੰ ਕਾਬੂ ਕਰਨ ਲਈ ਉਹ ਕਰੀਬ ਤਿੰਨ ਘੰਟੇ ਤੱਕ ਉਸ ਦੀ ਹਰ ਹਰਕਤ ਤੇ ਨਜ਼ਰ ਰੱਖਦੇ ਰਹੇ। ਜਿਵੇਂ ਹੀ ਉਸ ਨੇ ਪਪੀਤਾ ਚੁੱਕਿਆ, ਸਾਰੇ ਵਿਕਰੇਤਾਵਾਂ ਨੇ ਮਿਲ ਕੇ ਉਸ ਨੂੰ ਘੇਰ ਲਿਆ ਅਤੇ ਮੌਕੇ ਤੇ ਹੀ ਕਾਬੂ ਕਰ ਲਿਆ। ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਕਥਿਤ ਚੋਰ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਲ ਵਿਕਰੇਤਾਵਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਬਜ਼ੀ ਮੰਡੀ ਵਿੱਚ ਨਿਯਮਤ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣ।