ਦੇਸ਼ ਬਚਾਓ ਮੋਰਚਾ ਦੇ ਸੱਦੇ ’ਤੇ ਭਾਕਿਯੂ ਕ੍ਰਾਂਤੀਕਾਰੀ ਵੱਲੋਂ ਮੋਟਰਸਾਈਕਲ ਮਾਰਚ ਦੇਸ਼ ਬਚਾਓ ਮੋਰਚਾ ਦੇ ਸੱਦੇ ਤੇ ਭਾਕਿਯੂ ਕ੍ਰਾਂਤੀਕਾਰੀ ਵੱਲੋਂ ਮੋਟਰਸਾਈਕਲ ਮਾਰਚ
Publish Date: Wed, 15 Jul 2026 06:02 PM (IST)
Updated Date: Thu, 16 Jul 2026 04:01 AM (IST)
* ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਦੇਸ਼ ਦੀ ਆਰਥਿਕਤਾ ਲਈ ਵੱਡਾ ਖਤਰਾ : ਸੁਰਜੀਤ ਸਿੰਘ ਫੂਲ਼ ਫੋਟੋ:25 ਕੈਪਸ਼ਨ : ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨ ਆਗੂ ਸੁਰਜੀਤ ਫੂਲ ਤੇ ਹੋਰ। ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਗਾਰਣ ਬਠਿੰਡਾ : ਭਾਰਤ-ਅਮਰੀਕਾ ਮੁਕਤ ਵਪਾਰ (ਮੁਫ਼ਤ ਟਰੇਡ) ਸਮਝੌਤੇ ਨੂੰ ਰੱਦ ਕਰਾਉਣ ਲਈ ਦੇਸ਼ ਬਚਾਓ ਮੋਰਚਾ ਭਾਰਤ ਵੱਲੋਂ ਅੱਜ ਮੋਟਰਸਾਈਕਲ ਮਾਰਚ ਕਰ ਕੇ ਇਸ ਨੂੰ ਰੱਦ ਕਰਾਉਣ ਲਈ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਣ ਲਈ ਸੱਦਾ ਦਿੱਤਾ ਗਿਆ ਸੀ। ਇਸੇ ਸੱਦੇ ਨੂੰ ਲਾਗੂ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਵੀ ਆਪਣੇ ਕਾਰਜਕਾਰੀ ਜ਼ਿਲ੍ਹਿਆਂ ’ਚ ਵੱਖ-ਵੱਖ ਸੂਬਾਈ ਆਗੂਆਂ ਦੀ ਅਗਵਾਈ ਹੇਠ ਮੋਟਰਸਾਈਕਲ ਮਾਰਚ ਕਰ ਕੇ ਇਹ ਮੰਗ ਪੱਤਰ ਡੀਸੀ ਸਾਹਿਬਾਨਾਂ ਰਾਹੀਂ ਸੌਂਪੇ ਗਏ। ਇਸੇ ਤਹਿਤ ਬਠਿੰਡਾ ਜ਼ਿਲ੍ਹੇ ਦੇ ਵੀ ਚਾਰੇ ਬਲਾਕਾਂ ਵੱਲੋਂ ਆਪੋ-ਆਪਣੇ ਖੇਤਰਾਂ ’ਚੋਂ ਮੋਟਰਸਾਈਕਲ ਮਾਰਚ ਕਰਦੇ ਹੋਏ ਬਠਿੰਡਾ ਡੀਸੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ਼ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕੀ ਰਾਸ਼ਟਰਪਤੀ ਟਰੰਪ ਅੱਗੇ ਦੇਸ਼ ਦੇ ਨਾਗਰਿਕਾਂ, ਕਿਸਾਨਾਂ, ਵਪਾਰੀਆਂ ਦੇ ਹਿੱਤਾਂ ਦੀ ਹੱਤਿਆ ਦੇ ਮਨਸੂਬੇ ਤਹਿਤ ਇਸ ਉਪਰ ਦਸਤਖ਼ਤ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਇਸ ਸਮਝੌਤੇ ਦੇ ਲਾਗੂ ਹੋਣ ਨਾਲ ਜਿਥੇ ਦੇਸ਼ ਦਾ ਪੇਟ ਭਰਨ ਵਾਲੇ ਕਿਸਾਨ ਮਜ਼ਦੂਰਾਂ ਦੀ ਆਰਥਿਕਤਾ ਦਾ ਸਾਧਨ ਖੇਤੀਬਾੜੀ ਧੰਦਾ ਬਰਬਾਦ ਹੋਵੇਗਾ ਜਦਕਿ ਇਸਦੇ ਨਾਲ ਹੋਰ ਸਹਾਇਕ ਧੰਦੇ ਜਿਵੇਂ ਪਸ਼ੂ ਪਾਲਕ, ਡੇਅਰੀ ਫ਼ਾਰਮ, ਮੁਰਗੀ ਫਾਰਮ ਆਦਿ ਵਗੈਰਾ ਉੱਪਰ ਵੀ ਵੱਡਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਦੇਸ਼ ਦੇ ਛੋਟੇ ਵਪਾਰੀਆਂ, ਲਘੂ ਉਦਯੋਗਾਂ, ਦੇਸ਼ ਦੀ ਖੁਰਾਕੀ ਉਪਰ ਖ਼ੁਦਮੁਖਤਿਆਰੀ ਲਈ ਗੰਭੀਰ ਖਤਰਾ ਹੈ, ਜਿਸ ਨਾਲ ਦੇਸ਼ ਅੰਦਰ ਮਹਿੰਗਾਈ ਅਸਮਾਨੀ ਛੂਹ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਜੋ ਸਮੱਗਰੀ ਅਮਰੀਕਾ ਭਾਰਤ ਨੂੰ ਦੇਵੇਗਾ ਉਸ ਉਪਰ ਭਾਰਤ ਕੋਈ ਵੀ ਟੈਕਸ ਨਹੀਂ ਲਵੇਗਾ ਜਦਕਿ ਜੋ ਸਮੱਗਰੀ ਭਾਰਤ ਅਮਰੀਕਾ ਨੂੰ ਭੇਜੇਗਾ ਉਸ ਉਪਰ ਅਮਰੀਕਾ ਆਪਣੀ ਮਰਜੀ ਮੁਤਾਬਕ ਭਾਰਤ ਕੋਲੋਂ ਟੈਕਸ ਵਸੂਲੀ ਕਰੇਗਾ। ਇਸ ਮੌਕੇ ਫੂਲ ਨੇ ਅਖੀਰ ਵਿਚ ਕਿਹਾ ਕਿ ਦੇਸ਼ ਬਚਾਓ ਮੋਰਚਾ ਭਾਰਤ ਇਹ ਮੰਗ ਕਰਦਾ ਹੈ ਕਿ ਇਸ ਸਮਝੌਤੇ ਨੂੰ ਤੁਰੰਤ ਰੱਦ ਕਰਕੇ ਦੇਸ਼ ਦੀ ਆਰਥਿਕਤਾ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ। ਇਸ ਮੌਕੇ ਅਖੀਰ ਵਿਚ ਇਸ ਸਮਝੌਤੇ ਨੂੰ ਰੱਦ ਕਰਾਉਣ ਲਈ ਇਕ ਮੰਗ ਪੱਤਰ ਨਾਇਬ ਤਹਿਸੀਲਦਾਰ ਪੁਖ਼ਰਾਜ ਸਿੰਘ ਨੂੰ ਸੌਂਪਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੋਰਾ ਡਿਖ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਢਿੱਲੋਂ ਫੂਲ਼, ਜ਼ਿਲ੍ਹਾ ਸਹਾਇਕ ਸਕੱਤਰ ਹਰਜਿੰਦਰ ਸ਼ਰਮਾ ਫੂਲ਼, ਜ਼ਿਲ੍ਹਾ ਖਜਾਨਚੀ ਕਰਮਜੀਤ ਭਗਤਾ, ਭਗਤਾ ਬਲਾਕ ਤੋਂ ਸਕੱਤਰ ਕਾਕਣ ਬਾਠ ਕੋਠਾਗੁਰੂ, ਰਾਮਪੁਰਾ ਬਲਾਕ ਪ੍ਰਧਾਨ ਭੋਲਾ ਸਿੰਘ ਢੱਡੇ, ਸੁਖਮੰਦਰ ਬਾਲਿਆਂਵਾਲੀ, ਬਠਿੰਡਾ ਬਲਾਕ ਪ੍ਰਧਾਨ ਬੇਅੰਤ ਸਿੰਘ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।