ਨਹਿਰੀ ਖਾਲਿਆਂ ਦੇ ਮਸਲੇ 'ਤੇ ਕਿਸਾਨਾਂ ਦਾ ਵੱਡਾ ਇਕੱਠ 19 ਨੂੰ ਨਹਿਰੀ ਖਾਲਿਆਂ ਦੇ ਮਸਲੇ 'ਤੇ 19 ਜੁਲਾਈ ਨੂੰ ਕਿਸਾਨਾਂ ਦਾ ਵੱਡਾ ਇਕੱਠ
Publish Date: Wed, 15 Jul 2026 05:56 PM (IST)
Updated Date: Thu, 16 Jul 2026 04:01 AM (IST)
* ਸੰਘਰਸ਼ ਦਾ ਐਲਾਨ * ਚਾਰ ਸਾਲਾਂ ਤੋਂ ਮੰਗਾਂ ਲਟਕੀਆਂ, ਸਰਕਾਰ ਅਤੇ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਕਿਸਾਨਾਂ ਚ ਰੋਸ ਫੋਟੋ:17 ਕੈਪਸ਼ਨ: ਨਹਿਰੀ ਖਾਲ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਸਾਨ ਆਗੂ ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ : ਪਿੰਡ ਭੁੱਚੋ ਖੁਰਦ ਦੇ ਟੁੱਟੇ ਹੋਏ ਨਹਿਰੀ ਖਾਲਿਆਂ ਦੀ ਮੁਰੰਮਤ ਦਾ ਮਸਲਾ ਇੱਕ ਵਾਰ ਫਿਰ ਭਖ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਜ਼ਿਲ੍ਹਾ ਬਠਿੰਡਾ ਦੀ ਅਗਵਾਈ ਹੇਠ ਨੱਥੂਸਰ ਧਰਮਸ਼ਾਲਾ ਵਿਖੇ ਕਿਸਾਨਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਰਕਾਰ ਅਤੇ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ 19 ਜੁਲਾਈ ਨੂੰ ਭੁੱਚੋ ਖੁਰਦ ਵਿਖੇ ਵੱਡਾ ਕਿਸਾਨ ਇਕੱਠ ਕਰਕੇ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਆਗੂ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਪਿੰਡ ਦੇ ਨਹਿਰੀ ਖਾਲਿਆਂ ਦੀ ਮੁਰੰਮਤ ਲਈ ਕਿਸਾਨ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ, ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨਾਲ ਕਈ ਵਾਰ ਮੁਲਾਕਾਤ ਕੀਤੀ ਜਾ ਚੁੱਕੀ ਹੈ। 3 ਅਕਤੂਬਰ 2023 ਨੂੰ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰਕੇ ਕਿਸਾਨਾਂ ਦੇ ਬਿਆਨ ਵੀ ਦਰਜ ਕੀਤੇ ਸਨ, ਪਰ ਇਸ ਤੋਂ ਬਾਅਦ ਮਾਮਲਾ ਅੱਗੇ ਨਹੀਂ ਵਧਿਆ। ਉਨ੍ਹਾਂ ਦੱਸਿਆ ਕਿ 12 ਅਪ੍ਰੈਲ ਨੂੰ ਖੇਤੀਬਾੜੀ ਮੰਤਰੀ ਦੇ ਪੁੱਤਰ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਭੁੱਚੋ ਹਲਕੇ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਵੀ ਕਈ ਵਾਰ ਮਸਲੇ ਤੋਂ ਜਾਣੂ ਕਰਵਾਇਆ ਗਿਆ। 10 ਮਈ 2026 ਨੂੰ ਵਿਧਾਇਕ ਨੂੰ ਮੁੜ ਮੰਗ ਪੱਤਰ ਸੌਂਪਿਆ ਗਿਆ, ਜਦਕਿ 16 ਮਈ ਨੂੰ ਪਿੰਡ ਦੀ ਸਮੁੱਚੀ ਪੰਚਾਇਤ ਨੇ ਵੀ ਵਿਧਾਇਕ ਨਾਲ ਮੁਲਾਕਾਤ ਕਰਕੇ ਲਿਖਤੀ ਮੰਗ ਪੱਤਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਸਮੇਂ ਵਿਧਾਇਕ ਨੇ ਟਿਊਬਵੈੱਲ ਕਾਰਪੋਰੇਸ਼ਨ ਦੇ ਐਕਸੀਅਨ ਕੋਲ ਅਰਜ਼ੀ ਦੇਣ ਦੀ ਸਲਾਹ ਦਿੱਤੀ ਸੀ। ਅਮਰਜੀਤ ਸਿੰਘ ਹਨੀ ਨੇ ਕਿਹਾ ਕਿ 17 ਮਈ ਨੂੰ ਜਥੇਬੰਦੀ ਦੀ ਅਗਵਾਈ ਹੇਠ ਟਿਊਬਵੈੱਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿੱਥੇ ਵਿਭਾਗ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਕੋਲ ਨਹਿਰੀ ਖਾਲਿਆਂ ਦੀ ਮੁਰੰਮਤ ਲਈ ਲੋੜੀਂਦਾ ਬਜਟ ਹੀ ਉਪਲਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤਾਂ ਹੁਣ ਸੰਘਰਸ਼ ਹੀ ਆਖ਼ਰੀ ਰਾਹ ਬਚਿਆ ਹੈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 19 ਜੁਲਾਈ ਨੂੰ ਪਿੰਡ ਭੁੱਚੋ ਖੁਰਦ ਵਿੱਚ ਵੱਡਾ ਕਿਸਾਨ ਇਕੱਠ ਕੀਤਾ ਜਾਵੇਗਾ, ਜਿਸ ਵਿੱਚ ਅਗਲੇ ਸੰਘਰਸ਼ ਦੀ ਰੂਪ-ਰੇਖਾ ਦਾ ਐਲਾਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗਾਂ ਦੀ ਹੋਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਹੋਰ ਲਟਕਾਉਣ ਦੀ ਬਜਾਏ ਨਹਿਰੀ ਖਾਲਿਆਂ ਦੀ ਮੁਰੰਮਤ ਲਈ ਤੁਰੰਤ ਬਜਟ ਜਾਰੀ ਕਰਕੇ ਕੰਮ ਸ਼ੁਰੂ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਸਿੰਚਾਈ ਸਬੰਧੀ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਇਸ ਮੌਕੇ ਜਗਤਾਰ ਸਿੰਘ ਪੱਪੀ, ਬਲਜਿੰਦਰ ਸਿੰਘ ਬੱਬੂ ਕਲਾਰ, ਕਸ਼ਮੀਰਾ ਸਿੰਘ ਭਾਈ ਕਾ, ਗੁਰਪਾਲ ਸਿੰਘ ਭਾਈ ਕਾ, ਰਣਜੀਤ ਸਿੰਘ ਸੰਧੂ, ਮੱਖਣ ਸਿੰਘ ਸੰਧੂ, ਸੁਖਵਿੰਦਰ ਸਿੰਘ ਸੰਧੂ, ਪੱਪੂ ਸਿੰਘ ਭਾਈ ਕਾ, ਗੁਰਪ੍ਰੀਤ ਸਿੰਘ, ਸੰਮੀ ਸਿੰਘ, ਨੋਨਾ ਸਿੰਘ ਭਾਈ ਕਾ, ਜਸਕਰਨ ਗਿੱਲ, ਇੰਦਰਜੀਤ ਸਿੰਘ, ਗੁਰਲਾਲ ਸਿੰਘ ਨਾਗਰਾ, ਸੁਖਵਿੰਦਰ ਸਰਾਭਾ, ਲਾਭ ਸਿੰਘ ਸੰਧੂ, ਨੈਬ ਸਿੰਘ ਮਾਨ ਅਤੇ ਕਾਕਾ ਸਿੰਘ ਕਲਾਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।