ਪੈਨਸ਼ਨਰਾਂ ਵੱਲੋਂ 17 ਜੁਲਾਈ ਨੂੰ ਚੰਡੀਗੜ੍ਹ ਧਰਨੇ ’ਚ ਸ਼ਮੂਲੀਅਤ ਦਾ ਸੱਦਾ ਪੈਨਸ਼ਨਰਾਂ ਵੱਲੋਂ 17 ਜੁਲਾਈ ਦੇ ਚੰਡੀਗੜ੍ਹ ਧਰਨੇ ਵਿੱਚ ਸ਼ਮੂਲੀਅਤ ਦਾ ਸੱਦਾ
Publish Date: Tue, 14 Jul 2026 06:42 PM (IST)
Updated Date: Wed, 15 Jul 2026 04:07 AM (IST)
-ਵਿਛੜੇ ਹਰਬੰਸ ਲਾਲ ਨੂੰ ਸ਼ਰਧਾਂਜਲੀ ਭੇਟ, ਸਿਹਤ, ਸੈਰ-ਸਪਾਟੇ ਤੇ ਸਮਾਜਿਕ ਸਰੋਕਾਰਾਂ ਤੇ ਹੋਈ ਚਰਚਾ ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਰਿਟਾਇਰਡ ਟੀਚਰਜ਼ ਐਸੋਸੀਏਸ਼ਨ ਰਾਮਪੁਰਾ ਫੂਲ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਐਮੀਨੈਂਸ ਸਕੂਲ, ਮੰਡੀ ਫੂਲ (ਡੱਗੀ ਵਾਲਾ) ਵਿਖੇ ਸਤਪਾਲ ਗਰਗ ਦੀ ਅਗਵਾਈ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਅੰਗਰੇਜ ਸਿੰਘ ਕੈਂਥ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ, ਬਕਾਇਆ ਰਾਸ਼ੀ, ਸਿਹਤ, ਸਮਾਜਿਕ ਸਰੋਕਾਰਾਂ ਅਤੇ ਆਉਣ ਵਾਲੇ ਸੰਘਰਸ਼ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਵਿਛੜੇ ਸਾਥੀ ਹਰਬੰਸ ਲਾਲ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਜਨਕ ਰਾਜ ਨੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਸਰਕਾਰ ਵੱਲੋਂ ਜਾਰੀ ਕੀਤੀ ਜਾਣ ਵਾਲੀ ਬਕਾਇਆ ਰਾਸ਼ੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਡਿੱਠਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੈਨਸ਼ਨਰਾਂ ਵਿੱਚ ਨਿਰਾਸ਼ਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਕਾਇਆ ਰਾਸ਼ੀ ਅਤੇ ਹੋਰ ਮੰਗਾਂ ਦਾ ਜਲਦ ਹੱਲ ਕੀਤਾ ਜਾਵੇ। ਮਾਸਟਰ ਲਾਭ ਸਿੰਘ ਭੁੱਲਰ ਨੇ ਲੇਹ-ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਆਪਣੇ ਸੈਰ-ਸਪਾਟੇ ਦੇ ਤਜਰਬੇ ਸਾਂਝੇ ਕਰਦਿਆਂ ਕੁਦਰਤੀ ਸੁੰਦਰਤਾ, ਇਤਿਹਾਸਕ ਸਥਾਨਾਂ ਅਤੇ ਸੈਰ-ਸਪਾਟੇ ਦੇ ਮਹੱਤਵ ਬਾਰੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਸਮੇਂ-ਸਮੇਂ ਤੇ ਯਾਤਰਾ ਕਰਨਾ ਲਾਭਦਾਇਕ ਹੁੰਦਾ ਹੈ। ਰਿਟਾਇਰਡ ਹੈੱਡਮਾਸਟਰ ਹਰਿੰਦਰ ਸਿੰਘ ਭੁੱਲਰ ਅਤੇ ਸੁਖਮੰਦਰ ਸਿੰਘ ਨੇ ਹਾਜ਼ਰ ਮੈਂਬਰਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਨਿਯਮਤ ਕਸਰਤ ਕਰਨ ਅਤੇ ਸੰਤੁਲਿਤ ਖੁਰਾਕ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਧਦੀ ਉਮਰ ਵਿੱਚ ਸਿਹਤ ਪ੍ਰਤੀ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਗੁਰਚਰਨ ਸਿੰਘ ਨੇ ਸ਼ਹੀਦ ਬੇਰੁਜ਼ਗਾਰ ਅਧਿਆਪਕ ਯਾਦਗਾਰੀ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਭਲਾਈ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਨੂੰ ਟਰੱਸਟ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਮੀਟਿੰਗ ਨੂੰ ਚਿਮਨ ਲਾਲ ਅਤੇ ਪ੍ਰਧਾਨ ਅੰਗਰੇਜ ਸਿੰਘ ਕੈਂਥ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਪੈਨਸ਼ਨਰਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਇੱਕਜੁੱਟ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਜਥੇਬੰਦਕ ਤਾਕਤ ਨਾਲ ਹੀ ਮਸਲਿਆਂ ਦਾ ਹੱਲ ਸੰਭਵ ਹੈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿਚ ਰਾਮਪੁਰਾ ਫੂਲ ਇਕਾਈ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ, ਤਾਂ ਜੋ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕੇ। ਅੰਤ ਵਿੱਚ ਸਤਪਾਲ ਗਰਗ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।