ਰਿੰਗ ਰੋਡ ’ਤੇ ਥਾਣਾ ਕੈਂਟ ਨੇੜੇ ਬਣੇਗਾ ਸ਼ਹੀਦ ਕਰਤਾਰ ਸਿੰਘ ਸਰਾਭਾ ਪਲਾਜ਼ਾ ਰਿੰਗ ਰੋਡ ’ਤੇ ਥਾਣਾ ਕੈਂਟ ਨੇੜੇ ਬਣੇਗਾ ਸ਼ਹੀਦ ਕਰਤਾਰ ਸਿੰਘ ਸਰਾਭਾ ਪਲਾਜ਼ਾ
Publish Date: Sat, 11 Jul 2026 04:46 PM (IST)
Updated Date: Sun, 12 Jul 2026 04:03 AM (IST)
-18 ਏਕੜ ਥਾਂ ’ਤੇ ਪ੍ਰੋਜੈਕਟ ਤਹਿਤ 56 ਐੱਸਸੀਓ ਤੇ 37 ਪਲਾਟ ਕੱਟੇ ਜਾਣਗੇ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਵਾਲੇ ਇੱਕ ਵੱਡੇ ਪ੍ਰੋਜੈਕਟ ਵਜੋਂ ਰਿੰਗ ਰੋਡ ’ਤੇ ਥਾਣਾ ਕੈਂਟ ਨੇੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਲਾਜ਼ਾ ਤਿਆਰ ਕੀਤਾ ਜਾਵੇਗਾ। ਨਗਰ ਸੁਧਾਰ ਟਰੱਸਟ ਵੱਲੋਂ 18 ਏਕੜ ਜਗ੍ਹਾ ਵਿੱਚ ਤਿਆਰ ਕੀਤੇ ਜਾਣ ਵਾਲੇ ਇਸ ਵਪਾਰਕ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ। ਇਸ ਪ੍ਰੋਜੈਕਟ ਤਹਿਤ 56 ਐੱਸਸੀਓ (ਸ਼ਾਪ-ਕਮ-ਆਫਿਸ) ਅਤੇ 37 ਪਲਾਟ ਕੱਟੇ ਜਾਣਗੇ। ਟਰੱਸਟ ਨੂੰ ਇਸ ਪ੍ਰੋਜੈਕਟ ਤੋਂ ਕਰੀਬ 200 ਕਰੋੜ ਰੁਪਏ ਦੀ ਆਮਦਨ ਹੋਣ ਦੀ ਆਸ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਜਿਸ ਜਗ੍ਹਾ ’ਤੇ ਇਹ ਪਲਾਜ਼ਾ ਬਣਾਇਆ ਜਾਣਾ ਹੈ, ਉੱਥੇ ਪਹਿਲਾਂ ਬੱਸ ਅੱਡਾ ਬਣਾਉਣ ਦੀ ਯੋਜਨਾ ਸੀ। ਹਾਲਾਂਕਿ ਬਾਅਦ ਵਿੱਚ ਇਹ ਮਤਾ ਅੱਗੇ ਨਹੀਂ ਵੱਧ ਸਕਿਆ ਤੇ ਲੰਬੇ ਸਮੇਂ ਤੋਂ ਇਹ ਜਗ੍ਹਾ ਖਾਲੀ ਪਈ ਹੋਈ ਸੀ। ਹੁਣ ਨਗਰ ਸੁਧਾਰ ਟਰੱਸਟ ਨੇ ਇਸ ਜਗ੍ਹਾ ਦੀ ਵਰਤੋਂ ਕਰਦਿਆਂ ਇੱਕ ਵੱਡਾ ਵਪਾਰਕ ਕੇਂਦਰ ਵਿਕਸਤ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਪਲਾਜ਼ਾ ਬਣਾਉਣ ਦੀ ਮਨਜ਼ੂਰੀ ਪੰਜਾਬ ਸਰਕਾਰ ਵੱਲੋਂ ਮਿਲ ਚੁੱਕੀ ਹੈ ਅਤੇ ਇਸ ’ਤੇ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਸ਼ਹਿਰ ਦੇ ਵਿਕਾਸ ਤੇ ਆਮਦਨ ਵਧਾਉਣ ਲਈ ਵੱਖ-ਵੱਖ ਪ੍ਰੋਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਚੇਅਰਮੈਨ ਅਨੁਸਾਰ ਇਸ ਤੋਂ ਪਹਿਲਾਂ ਨਗਰ ਸੁਧਾਰ ਟਰੱਸਟ ਵੱਲੋਂ ਬਲੂ ਫੌਕਸ ਪਲਾਜ਼ਾ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਪਲਾਜ਼ਾ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ’ਚ ਵਪਾਰਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਮੁਤਾਬਕ ਇਸ ਪ੍ਰੋਜੈਕਟ ਨਾਲ ਜਿੱਥੇ ਨਗਰ ਸੁਧਾਰ ਟਰੱਸਟ ਦੀ ਆਮਦਨ ਵਿੱਚ ਵਾਧਾ ਹੋਵੇਗਾ, ਉੱਥੇ ਸ਼ਹਿਰ ਵਿੱਚ ਵਪਾਰੀਆਂ ਤੇ ਨਿਵੇਸ਼ਕਾਂ ਲਈ ਨਵੇਂ ਮੌਕੇ ਵੀ ਪੈਦਾ ਹੋਣਗੇ। ਐੱਸਸੀਓ ਅਤੇ ਪਲਾਟਾਂ ਦੀ ਵਿਕਰੀ ਰਾਹੀਂ ਟਰੱਸਟ ਨੂੰ ਵੱਡੀ ਆਮਦਨ ਮਿਲਣ ਦੀ ਸੰਭਾਵਨਾ ਹੈ, ਜਿਸ ਦੀ ਵਰਤੋਂ ਭਵਿੱਖ ਵਿੱਚ ਸ਼ਹਿਰੀ ਵਿਕਾਸ ਦੇ ਹੋਰ ਕੰਮਾਂ ਲਈ ਕੀਤੀ ਜਾ ਸਕਦੀ ਹੈ।ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਰਿੰਗ ਰੋਡ ਵਰਗੇ ਮਹੱਤਵਪੂਰਨ ਸਥਾਨ ’ਤੇ ਇਸ ਤਰ੍ਹਾਂ ਦਾ ਵਪਾਰਕ ਪ੍ਰੋਜੈਕਟ ਆਉਣ ਨਾਲ ਇਲਾਕੇ ਦੀ ਮਹੱਤਤਾ ਹੋਰ ਵਧੇਗੀ। ਇਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਨਾਲ-ਨਾਲ ਆਸ-ਪਾਸ ਦੇ ਖੇਤਰਾਂ ਵਿੱਚ ਵੀ ਵਿਕਾਸ ਨੂੰ ਗਤੀ ਮਿਲਣ ਦੀ ਉਮੀਦ ਹੈ। ਇਹ ਪਲਾਜ਼ਾ ਰਿੰਗ ਰੋਡ ਦੇ ਨਾਲ ਨਾਲ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਬਿਲਕੁਲ ਨਾਲ ਲੱਗਦਾ ਹੈ। ਇਹ ਪ੍ਰੋਜੈਕਟ ਨਗਰ ਸੁਧਾਰ ਟਰੱਸਟ ਲਈ ਵੀ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਪਿਛਲੇ ਸਮੇਂ ਤੋਂ ਖਾਲੀ ਪਈ ਜ਼ਮੀਨ ਦੀ ਵਰਤੋਂ ਕਰਕੇ ਆਮਦਨ ਦਾ ਨਵਾਂ ਸਰੋਤ ਤਿਆਰ ਕੀਤਾ ਜਾਵੇਗਾ। ਟਰੱਸਟ ਵੱਲੋਂ ਇਸ ਸਬੰਧੀ ਅਗਲੀ ਕਾਰਵਾਈ ਜਲਦ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। -ਬਾਕਸ- -ਵਪਾਰਕ ਵਿਕਾਸ ਨੂੰ ਮਿਲੇਗਾ ਹੁਲਾਰਾ ਸ਼ਹੀਦ ਕਰਤਾਰ ਸਿੰਘ ਸਰਾਭਾ ਪਲਾਜ਼ਾ ਦੇ ਬਣਨ ਨਾਲ ਰਿੰਗ ਰੋਡ ਖੇਤਰ ਵਿੱਚ ਵਪਾਰਕ ਸਰਗਰਮੀਆਂ ਵਧਣ ਦੀ ਸੰਭਾਵਨਾ ਹੈ। 56 ਐੱਸਸੀਓ ਤੇ 37 ਪਲਾਟਾਂ ਰਾਹੀਂ ਨਵੇਂ ਕਾਰੋਬਾਰਾਂ ਨੂੰ ਜਗ੍ਹਾ ਮਿਲੇਗੀ, ਜਿਸ ਨਾਲ ਸ਼ਹਿਰ ਦੀ ਅਰਥਵਿਵਸਥਾ ਨੂੰ ਵੀ ਫਾਇਦਾ ਪਹੁੰਚ ਸਕਦਾ ਹੈ। ਨਗਰ ਸੁਧਾਰ ਟਰੱਸਟ ਵੱਲੋਂ ਇਸ ਪ੍ਰੋਜੈਕਟ ਨੂੰ ਜਲਦ ਜ਼ਮੀਨੀ ਪੱਧਰ ’ਤੇ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਪਲਾਜ਼ਾ ਵਿਚ ਬਹੁਤ ਖੁੱਲ੍ਹੀ ਪਾਰਕਿੰਗ ਤੋਂ ਇਲਾਵਾ ਬਹੁਤ ਵਧੀਆ ਵਿਦੇਸ਼ ਦੀ ਤਰਜ਼ ’ਤੇ ਤਿਆਰ ਕੀਤਾ ਜਾਵੇਗਾ, ਜਿਸਦੀ ਸੁੰਦਰਤਾ ਦਾ ਖਾਸ ਧਿਆਨ ਰੱਖਿਆ ਜਾਣਾ ਹੈ।