- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਔਰਤ ਤੇ ਨੌਜਵਾਨ ਨੂੰ ਲੋਕਾਂ ਨੇ ਕਾਬੂ ਕੀਤਾ

-ਤਲਾਸ਼ੀ ਦੌਰਾਨ ਕਿਰਚ ਤੇ 3 ਮੋਬਾਈਲ ਬਰਾਮਦ, ਚੋਰੀ ਦੀਆਂ ਵਾਰਦਾਤਾਂ ਨਾਲ ਸਬੰਧ ਖੰਗਾਲ ਰਹੀ ਪੁਲਿਸ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਦੇ ਰਾਮਬਾਗ ਰੋਡ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇਕ ਔਰਤ ਤੇ ਇੱਕ ਨੌਜਵਾਨ ਨੂੰ ਸ਼ੱਕੀ ਹਾਲਾਤ ’ਚ ਇਕ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਸਥਾਨਕ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਦੋਵਾਂ ਦੀ ਤਲਾਸ਼ੀ ਦੌਰਾਨ ਇੱਕ ਚਾਕੂ ਅਤੇ ਤਿੰਨ ਮੋਬਾਈਲ ਬਰਾਮਦ ਕੀਤੇ ਹਨ। ਬਰਾਮਦ ਹੋਏ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਦੋਵਾਂ ਦੇ ਆਪਣੇ ਹਨ ਜਾਂ ਕਿਸੇ ਚੋਰੀ ਦੀ ਵਾਰਦਾਤ ਨਾਲ ਸਬੰਧਤ ਹਨ। ਜਾਣਕਾਰੀ ਅਨੁਸਾਰ ਰਾਮਬਾਗ ਰੋਡ ਇਲਾਕੇ ਦੇ ਵਸਨੀਕਾਂ ਨੇ ਇੱਕ ਔਰਤ ਅਤੇ ਇੱਕ ਨੌਜਵਾਨ ਨੂੰ ਇੱਕ ਮਕਾਨ ਦੇ ਆਲੇ-ਦੁਆਲੇ ਸ਼ੱਕੀ ਢੰਗ ਨਾਲ ਘੁੰਮਦੇ ਦੇਖਿਆ। ਦੋਸ਼ ਹੈ ਕਿ ਦੋਵੇਂ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ੱਕ ਹੋਣ 'ਤੇ ਇਲਾਕਾ ਵਾਸੀਆਂ ਨੇ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ, ਪਰ ਤਸੱਲੀਬਖ਼ਸ਼ ਜਵਾਬ ਨਾ ਮਿਲਣ 'ਤੇ ਦੋਵਾਂ ਨੂੰ ਕਾਬੂ ਕਰ ਲਿਆ। ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪੀਸੀਆਰ ਟੀਮ ਮੌਕੇ 'ਤੇ ਪੁੱਜੀ ਅਤੇ ਦੋਵਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਥਾਣਾ ਕੋਤਵਾਲੀ ਲੈ ਗਈ। ਪੁਲਿਸ ਵੱਲੋਂ ਨਿਯਮਾਂ ਅਨੁਸਾਰ ਕੀਤੀ ਗਈ ਤਲਾਸ਼ੀ ਦੌਰਾਨ ਇੱਕ ਚਾਕੂ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਹੋਏ। ਸਥਾਨਕ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਦੋਵੇਂ ਕੁਝ ਦਿਨ ਪਹਿਲਾਂ ਹੀ ਇਸ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲਈ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਵਿੱਚ ਰਾਤ ਦੇ ਸਮੇਂ ਸ਼ੱਕੀ ਗਤੀਵਿਧੀਆਂ ਦੇਖੀਆਂ ਜਾ ਰਹੀਆਂ ਸਨ, ਜਿਸ ਕਾਰਨ ਦੋਵਾਂ 'ਤੇ ਪਹਿਲਾਂ ਤੋਂ ਹੀ ਨਜ਼ਰ ਰੱਖੀ ਜਾ ਰਹੀ ਸੀ। ਫਿਲਹਾਲ ਪੁਲਿਸ ਨੇ ਦੋਵਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਆਸ-ਪਾਸ ਦੇ ਇਲਾਕਿਆਂ ਵਿੱਚ ਹਾਲ ਹੀ ਦੌਰਾਨ ਹੋਈਆਂ ਚੋਰੀ ਅਤੇ ਘਰਾਂ ਵਿੱਚ ਸੰਨ੍ਹ ਲਾਉਣ ਦੀਆਂ ਵਾਰਦਾਤਾਂ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ, ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਦੋਵਾਂ ਦਾ ਉਨ੍ਹਾਂ ਮਾਮਲਿਆਂ ਨਾਲ ਕੋਈ ਸਬੰਧ ਹੈ ਜਾਂ ਨਹੀਂ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਹੋਏ ਸਮਾਨ ਅਤੇ ਦੋਵਾਂ ਵਿਅਕਤੀਆਂ ਸਬੰਧੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਤੱਥਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।