ਕੈਂਟਰ ਵਿੱਚ ਲੱਦ ਕੇ ਲਿਜਾਏ ਜਾ ਰਹੇ 10 ਗਊਵੰਸ਼ ਬਰਾਮਦ, ਤਿੰਨ ਮੁਲਜ਼ਮ ਪੁਲਿਸ ਹਵਾਲੇ ਕੈਂਟਰ ਵਿੱਚ ਲੱਦ ਕੇ ਲਿਜਾਏ ਜਾ ਰਹੇ 10 ਗਊਵੰਸ਼ ਬਰਾਮਦ, ਤਿੰਨ ਮੁਲਜ਼ਮ ਪੁਲਿਸ ਹਵਾਲੇ
Publish Date: Thu, 09 Jul 2026 05:18 PM (IST)
Updated Date: Thu, 09 Jul 2026 05:21 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਵਿਚ ਗਊਵੰਸ਼ ਦੀ ਕਥਿਤ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਗਊ ਸੁਰੱਖਿਆ ਸੇਵਾ ਦਲ ਦੀ ਸੂਚਨਾ ਤੇ ਪੁਲਿਸ ਨੇ ਇਕ ਕੈਂਟਰ ਵਿਚੋਂ 10 ਗਊਵੰਸ਼ ਬਰਾਮਦ ਕੀਤੇ ਹਨ। ਇਸ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗਊ ਸੁਰੱਖਿਆ ਸੇਵਾ ਦਲ ਦੇ ਜ਼ਿਲ੍ਹਾ ਆਗੂ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਕੈਂਟਰ ਵਿਚ ਗਊਵੰਸ਼ ਨੂੰ ਭਰ ਕੇ ਪੰਜਾਬ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਦਲ ਦੇ ਮੈਂਬਰਾਂ ਨੇ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕਰਕੇ ਨਿਗਰਾਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸ਼ੱਕੀ ਕੈਂਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਚਾਲਕ ਨੇ ਵਾਹਨ ਦੀ ਰਫ਼ਤਾਰ ਤੇਜ਼ ਕਰਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਦਲ ਦੇ ਮੈਂਬਰਾਂ ਨੇ ਪਿੱਛਾ ਕਰਦਿਆਂ ਕੁਝ ਦੂਰੀ ਤੇ ਕੈਂਟਰ ਨੂੰ ਰੁਕਵਾ ਲਿਆ। ਤਲਾਸ਼ੀ ਦੌਰਾਨ ਕੈਂਟਰ ਵਿਚੋਂ 10 ਗਊਵੰਸ਼ ਬਰਾਮਦ ਹੋਏ, ਜਿਨ੍ਹਾਂ ਨੂੰ ਕਥਿਤ ਤੌਰ ਤੇ ਬਹੁਤ ਹੀ ਤੰਗ ਹਾਲਾਤ ਵਿਚ ਲੱਦਿਆ ਗਿਆ ਸੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਕੈਂਟਰ ਨੂੰ ਕਬਜ਼ੇ ਵਿਚ ਲੈ ਕੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਬਰਾਮਦ ਕੀਤੇ ਗਊਵੰਸ਼ ਨੂੰ ਸੁਰੱਖਿਅਤ ਸਥਾਨ ਤੇ ਭੇਜ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਦੇਖਭਾਲ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਦੌਰਾਨ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਗਊਵੰਸ਼ ਨੂੰ ਕਿੱਥੋਂ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਨੂੰ ਕਿਸ ਥਾਂ ਲਿਜਾਇਆ ਜਾ ਰਿਹਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।