ਔਰਤ ਨੇ ਉਡਾਏ ਗਹਿਣੇ, ਫ਼ਾਈਨਾਂਸ ਮੁਲਾਜ਼ਮ ਦਾ ਬੈਗ ਖੋਹਿਆ ਔਰਤ ਨੇ ਉਡਾਏ ਗਹਿਣੇ, ਫ਼ਾਈਨਾਂਸ ਮੁਲਾਜ਼ਮ ਦਾ ਬੈਗ ਖੋਹਿਆ
Publish Date: Thu, 09 Jul 2026 05:16 PM (IST)
Updated Date: Thu, 09 Jul 2026 05:18 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ, ਜ਼ਿਲ੍ਹੇ ਅੰਦਰ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਵਧ ਗਏ ਹਨ ਕਿ ਹੁਣ ਦਿਨ-ਦਿਹੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੱਜ ਵੀ ਚੋਰੀ ਅਤੇ ਲੁੱਟਖੋਹ ਦੇ ਦੋ ਮਾਮਲੇ ਸਾਹਮਣੇ ਆਏ ਹਨ। ਪਹਿਲੇ ਮਾਮਲੇ ਵਿਚ ਪੁਲਿਸ ਨੇ ਇਕ ਘਰ ਚ ਸਾਫ਼-ਸਫ਼ਾਈ ਦਾ ਕੰਮ ਕਰਨ ਵਾਲੀ ਔਰਤ ਖ਼ਿਲਾਫ਼ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਭੁੱਚੋ ਮੰਡੀ ਦੇ ਰਹਿਣ ਵਾਲੇ ਅਜੈ ਕੁਮਾਰ ਪੁੱਤਰ ਜਗਦੀਸ਼ ਰਾਏ ਨੇ ਦੱਸਿਆ ਕਿ ਉਹ ਸ਼ਿਵ ਸ਼ੰਕਰ ਟ੍ਰਾਂਸਪੋਰਟ ਵਿਚ ਬਤੌਰ ਮੈਨੇਜਰ ਕੰਮ ਕਰਦਾ ਹੈ ਤੇ ਮਾਲਕ ਦੇ ਘਰ ਦੀ ਦੇਖਭਾਲ ਵੀ ਉਸੇ ਕੋਲ ਹੈ। ਉਨ੍ਹਾਂ ਨੇ ਘਰ ਦੀ ਸਫ਼ਾਈ ਵਾਸਤੇ ਲਾਲ ਸਿੰਘ ਨਗਰ ਦੀ ਗੀਤਾ ਰਾਣੀ ਪਤਨੀ ਰਾਜੇਸ਼ ਕੁਮਾਰ ਨੂੰ ਕੰਮ ਤੇ ਰੱਖਿਆ ਸੀ, ਜਿਸ ਨੇ ਮੌਕਾ ਪਾ ਕੇ ਘਰ ਚੋਂ ਸੋਨਾ ਚੋਰੀ ਕਰ ਲਿਆ। ਪੁਲਿਸ ਨੇ ਕਥਿਤ ਦੋਸ਼ੀ ਔਰਤ ਖ਼ਿਲਾਫ਼ ਕੇਸ ਦਰਜ ਕਰਕੇ ਸਹਾਇਕ ਥਾਣੇਦਾਰ ਹਰਿੰਦਰ ਸਿੰਘ ਨੂੰ ਜਾਂਚ ਸੌਂਪ ਦਿੱਤੀ ਹੈ। ਦੂਜੀ ਵਾਰਦਾਤ ਵਿਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰੇ ਇਕ ਫ਼ਾਈਨਾਂਸ ਕੰਪਨੀ ਦੇ ਕਰਿੰਦੇ ਕੋਲੋਂ ਹਜ਼ਾਰਾਂ ਦੀ ਨਕਦੀ ਤੇ ਸਾਮਾਨ ਵਾਲਾ ਬੈਗ ਖੋਹ ਕੇ ਰਫ਼ੂਚੱਕਰ ਹੋ ਗਏ। ਭਾਰਤ ਫ਼ਾਈਨਾਂਸ ਕੰਪਨੀ ਰਾਮਪੁਰਾ ਦੇ ਮੁਲਾਜ਼ਮ ਗੁਰਪ੍ਰੀਤ ਸਿੰਘ ਪੁੱਤਰ ਅਮਰ ਲਾਲ ਨੇ ਦੱਸਿਆ ਕਿ ਉਹ ਲੰਘੀ 10 ਜੂਨ ਨੂੰ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ। ਇਸੇ ਦੌਰਾਨ ਰਸਤੇ ਵਿਚ ਦੋ ਅਣਪਛਾਤੇ ਨੌਜਵਾਨ ਆਏ ਅਤੇ ਉਸ ਦਾ ਬੈਗ ਖੋਹ ਕੇ ਭੱਜ ਗਏ। ਗੁਰਪ੍ਰੀਤ ਮੁਤਾਬਕ ਬੈਗ ਵਿਚ 28,850 ਰੁਪਏ ਦੀ ਨਕਦੀ, ਇੱਕ ਟੈਬਲੇਟ ਅਤੇ ਬਾਇਓਮੈਟ੍ਰਿਕ ਮਸ਼ੀਨ ਸੀ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਹੌਲਦਾਰ ਯਾਦਵਿੰਦਰ ਸਿੰਘ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।