ਨਿਮਰਤ ਕੌਰ ਸਿੱਧੂ ਨੂੰ ਪੰਜਾਬ ਦੇ ਰਾਜਪਾਲ ਨੇ ਕੀਤਾ ਸਨਮਾਨਿਤ, ਨਿਮਰਤ ਕੌਰ ਸਿੱਧੂ ਨੂੰ ਪੰਜਾਬ ਦੇ ਰਾਜਪਾਲ ਨੇ ਕੀਤਾ ਸਨਮਾਨਿਤ,
Publish Date: Thu, 09 Jul 2026 04:39 PM (IST)
Updated Date: Thu, 09 Jul 2026 09:43 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਤਲਵੰਡੀ ਸਾਬੋ ਦੇ ਪ੍ਰਮੁੱਖ ਵਿਦਿਅਕ ਅਦਾਰੇ ਦ ਸੰਸਕਾਰ ਸਕੂਲ ਲਈ ਉਸ ਵੇਲੇ ਮਾਣ ਅਤੇ ਖੁਸ਼ੀ ਦਾ ਮੌਕਾ ਬਣ ਗਿਆ, ਜਦੋਂ ਸਕੂਲ ਦੀ ਚੇਅਰਪਰਸਨ ਨਿਮਰਤ ਕੌਰ ਸਿੱਧੂ ਨੂੰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਅਤੇ ਵਿਸ਼ੇਸ਼ ਯੋਗਦਾਨ ਲਈ ਡੇਲੀ ਪੋਸਟ ਨਿਊਜ਼ ਤਾਲੀਮ ਐਜੂਕੇਸ਼ਨ ਕਨਕਲੇਵ–2026 ਦੌਰਾਨ ਵੱਕਾਰੀ ਸਨਮਾਨ ਨਾਲ ਪੰਜਾਬ ਦੇ ਰਾਜਪਾਲ ਵੱਲੋਂ ਨਿਵਾਜਿਆ ਗਿਆ। ਚੰਡੀਗੜ੍ਹ ਵਿਖੇ ਆਯੋਜਿਤ ਸ਼ਾਨਦਾਰ ਸਮਾਗਮ ਵਿੱਚ ਇਹ ਸਨਮਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਕਰ-ਕਮਲਾਂ ਰਾਹੀਂ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸਿੱਖਿਆ, ਪ੍ਰਸ਼ਾਸਨ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ। ਨਿਮਰਤ ਕੌਰ ਸਿੱਧੂ ਨੂੰ ਮਿਲਿਆ ਇਹ ਸਨਮਾਨ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ, ਗੁਣਵੱਤਾ ਭਰੀ ਸਿੱਖਿਆ ਪ੍ਰਤੀ ਅਟੁੱਟ ਵਚਨਬੱਧਤਾ, ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਪ੍ਰਸ਼ੰਸਾ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੀ ਅਗਵਾਈ ਹੇਠ ਦ ਸੰਸਕਾਰ ਸਕੂਲ ਨੇ ਨਾ ਸਿਰਫ਼ ਅਕਾਦਮਿਕ ਖੇਤਰ ਵਿੱਚ, ਸਗੋਂ ਅਨੁਸ਼ਾਸਨ, ਨੈਤਿਕ ਕਦਰਾਂ-ਕੀਮਤਾਂ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਇਹ ਉਪਲਬਧੀ ਨਾ ਕੇਵਲ ਨਿਮਰਤ ਕੌਰ ਸਿੱਧੂ ਲਈ ਸਨਮਾਨ ਦੀ ਗੱਲ ਹੈ, ਸਗੋਂ ਪੂਰੇ ਤਲਵੰਡੀ ਸਾਬੋ ਅਤੇ ਦ ਸੰਸਕਾਰ ਸਕੂਲ ਪਰਿਵਾਰ ਲਈ ਵੀ ਮਾਣ ਵਾਲਾ ਪਲ ਹੈ। ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਇਸ ਸਨਮਾਨ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵਧੀਆ ਸਿੱਖਿਆ ਪ੍ਰਦਾਨ ਕਰਨ ਅਤੇ ਨਵੀਂ ਪੀੜ੍ਹੀ ਨੂੰ ਕਾਮਯਾਬ, ਜ਼ਿੰਮੇਵਾਰ ਅਤੇ ਚੰਗੇ ਨਾਗਰਿਕ ਬਣਾਉਣ ਲਈ ਹੋਰ ਸਮਰਪਿਤ ਹੋ ਕੇ ਕੰਮ ਕਰਨ ਦੀ ਪ੍ਰੇਰਣਾ ਦੇਵੇਗਾ। ਦ ਸੰਸਕਾਰ ਸਕੂਲ ਪਰਿਵਾਰ ਨੇ ਨਿਮਰਤ ਕੌਰ ਸਿੱਧੂ ਨੂੰ ਇਸ ਵੱਕਾਰੀ ਸਨਮਾਨ ਲਈ ਦਿਲੋਂ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਆਪਣੀ ਪ੍ਰੇਰਣਾਦਾਇਕ ਅਗਵਾਈ ਨਾਲ ਸਿੱਖਿਆ ਜਗਤ ਵਿੱਚ ਨਵੇਂ ਮਾਪਦੰਡ ਸਥਾਪਤ ਕਰਦੀਆਂ ਰਹਿਣਗੀਆਂ।