ਵਾਰਦਾਤ ਦੀ ਫ਼ਿਰਾਕ ’ਚ ਬੈਠੇ 14 ਕਥਿਤ ਦੋਸ਼ੀ ਹਥਿਆਰਾਂ ਸਮੇਤ ਕਾਬੂ ਵਾਰਦਾਤ ਦੀ ਫ਼ਿਰਾਕ ਵਿੱਚ ਬੈਠੇ 14 ਕਥਿਤ ਦੋਸ਼ੀ ਹਥਿਆਰਾਂ ਸਮੇਤ ਕਾਬੂ
Publish Date: Mon, 06 Jul 2026 04:33 PM (IST)
Updated Date: Mon, 06 Jul 2026 04:36 PM (IST)
ਗੁਰਤੇਜ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਜ਼ਿਲ੍ਹਾ ਪੁਲਿਸ ਨੇ ਤਿੰਨ ਵੱਖ-ਵੱਖ ਥਾਣਿਆਂ ਦੇ ਅਧਿਕਾਰ ਖੇਤਰ ਵਿਚ ਵੱਡੀ ਕਾਰਵਾਈ ਕਰਦਿਆਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਬੈਠੇ ਕੁੱਲ 14 ਕਥਿਤ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀ ਇਲਾਕੇ ਵਿਚ ਲੁੱਟ-ਖੋਹ ਅਤੇ ਮਾਰਕੁੱਟ ਕਰਨ ਦੇ ਆਦੀ ਹਨ, ਜਿਨ੍ਹਾਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ਵਿਚ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੂੰ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਕੁਝ ਵਿਅਕਤੀ ਇੱਕ ਗਿਰੋਹ ਬਣਾ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਦਾਣਾ ਮੰਡੀ ਮਲੂਕਾ ਵਿਖੇ ਬੈਠੇ ਹਨ। ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਏਐਸਆਈ ਪਰਮਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਛਾਪੇਮਾਰੀ ਕਰਕੇ ਮੌਕੇ ਤੋਂ 6 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਵਿਅਕਤੀਆਂ ਦੀ ਪਛਾਣ ਅਮਨਦੀਪ ਸ਼ਰਮਾ ਵਾਸੀ ਮਲੂਕਾ, ਮੱਖਣ ਸਿੰਘ ਵਾਸੀ ਭਗਤਾ ਭਾਈਕਾ, ਕਰਮਚੰਦ, ਹਰਜੀਤ ਸਿੰਘ, ਸ਼ਮਸ਼ੇਰ ਸਿੰਘ ਤਿੰਨੇ ਵਾਸੀ ਦਿਆਲਪੁਰਾ ਮਿਰਜਾ ਅਤੇ ਰਣਧੀਰ ਸਿੰਘ ਵਾਸੀ ਸਲਾਬਤਪੁਰਾ ਵਜੋਂ ਹੋਈ ਹੈ। ਸਾਰਿਆਂ ਨੂੰ ਥਾਣੇ ਦੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਉਨ੍ਹਾਂ ਕਿਸ ਵਰਾਦਾਤ ਨੂੰ ਅੰਜਾਮ ਦੇਣਾ ਸੀ। ਦੂਜੇ ਮਾਮਲੇ ਵਿੱਚ ਥਾਣਾ ਫੂਲ ਦੀ ਪੁਲਿਸ ਨੇ ਚੋਟੀਆ ਰੋਡ ਦੇ ਕੋਲੋਂ ਤੇਜ਼ਧਾਰ ਹਥਿਆਰਾਂ ਨਾਲ 5 ਕਥਿਤ ਦੋਸ਼ੀਆਂ ਨੂੰ ਦਬੋਚਿਆ ਹੈ। ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਲੁੱਟ-ਖੋਹ ਅਤੇ ਲੜਾਈ-ਝਗੜਾ ਕਰਨ ਦੇ ਆਦੀ ਹਨ ਅਤੇ ਕਿਸੇ ਵਾਰਦਾਤ ਦੀ ਫ਼ਿਰਾਕ ਵਿੱਚ ਘੁੰਮ ਰਹੇ ਹਨ। ਪੁਲਿਸ ਨੇ ਮੌਕੇ ਤੇ ਘੇਰਾਬੰਦੀ ਕਰਕੇ ਮਨਪ੍ਰੀਤ ਸਿੰਘ ਵਾਸੀ ਢਿਪਾਲੀ, ਰਣਜੀਤ ਸਿੰਘ ਵਾਸੀ ਘੰਡਾਬੰਨਾ, ਬੀਰਬਲ ਖਾਨ ਵਾਸੀ ਰਾਈਆ, ਗੁਰਪ੍ਰੀਤ ਸਿੰਘ ਵਾਸੀ ਬੁਰਜ ਗਿੱਲ ਅਤੇ ਰਾਜਵੀਰ ਸਿੰਘ ਵਾਸੀ ਭਾਈਰੂਪਾ ਨੂੰ ਕਾਬੂ ਕੀਤਾ। ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਲੋਹਾ ਕਾਪਾ, ਦੋ ਸਟੀਲ ਪਾਈਪ ਰਾਡ, ਇੱਕ ਲੋਹੇ ਦੀ ਗਰਾਰੀ ਅਤੇ ਇੱਕ ਡੰਡਾ ਬਰਾਮਦ ਕੀਤਾ ਗਿਆ ਹੈ। ਤੀਸਰੇ ਮਾਮਲੇ ਵਿੱਚ, ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਰਾਹਗੀਰਾਂ ਨੂੰ ਲੁੱਟਣ ਅਤੇ ਗੱਡੀਆਂ ਨੂੰ ਰੋਕ ਕੇ ਜ਼ਬਰੀ ਵਸੂਲੀ ਕਰਨ ਦੀ ਯੋਜਨਾ ਬਣਾ ਰਹੇ 3 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐਸਆਈ ਜਗਦੇਵ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਪੱਕੀ ਇਤਲਾਹ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਅਜੇ ਵਾਸੀ ਨੇੜੇ ਘੋਲੀਆ ਪਾਰਕ ਰਾਮਪੁਰਾ, ਆਕਾਸ਼ਦੀਪ ਵਾਸੀ ਗਾਂਧੀ ਨਗਰ ਰਾਮਪੁਰਾ ਅਤੇ ਪਿੰਕੀ ਵਾਸੀ ਜਵਾਹਰ ਨਗਰ ਰਾਮਪੁਰਾ ਨੂੰ ਗ੍ਰਿਫ਼ਤਾਰ ਕਰਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਹੈ।