ਜੂਨ ਮਹੀਨੇ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਦੇ 42 ਸੈਂਪਲ ਭਰੇ, ਜਾਂਚ ’ਚ ਚਾਰ ਸਬ-ਸਟੈਂਡਰਡ ਨਿਕਲੇ ਜੂਨ ਮਹੀਨੇ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਦੇ 42 ਸੈਂਪਲ ਭਰੇ, ਜਾਂਚ ਵਿੱਚ ਚਾਰ ਸਬ-ਸਟੈਂਡਰਡ ਨਿਕਲੇ
Publish Date: Sat, 04 Jul 2026 03:50 PM (IST)
Updated Date: Sat, 04 Jul 2026 03:50 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਵਿਚ ਲੋਕਾਂ ਨੂੰ ਸ਼ੁੱਧ, ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਉਪਲਬਧ ਕਰਵਾਉਣ ਅਤੇ ਮਿਲਾਵਟਖੋਰੀ ਤੇ ਪ੍ਰਭਾਵਸ਼ਾਲੀ ਰੋਕ ਲਗਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵੱਲੋਂ ਜੂਨ ਮਹੀਨੇ ਦੌਰਾਨ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਤਹਿਤ ਬਠਿੰਡਾ ਸ਼ਹਿਰ, ਰਾਮਪੁਰਾ, ਰਾਮਾਂ ਮੰਡੀ, ਮੌੜ ਮੰਡੀ ਅਤੇ ਹੋਰ ਵੱਖ-ਵੱਖ ਇਲਾਕਿਆਂ ਵਿਚ ਸਥਿਤ ਦੁਕਾਨਾਂ, ਹੋਟਲਾਂ, ਮਿਠਾਈਆਂ ਦੀਆਂ ਦੁਕਾਨਾਂ, ਡੇਅਰੀਆਂ ਤੇ ਹੋਰ ਖਾਦ ਪਦਾਰਥ ਵੇਚਣ ਵਾਲੇ ਅਦਾਰਿਆਂ ਤੋਂ ਕੁੱਲ 42 ਸੈਂਪਲ ਇਕੱਠੇ ਕਰਕੇ ਸਰਕਾਰੀ ਪ੍ਰਯੋਗਸ਼ਾਲਾ ਵਿਚ ਜਾਂਚ ਲਈ ਭੇਜੇ ਗਏ। ਹੁਣ ਤੱਕ ਪ੍ਰਾਪਤ ਰਿਪੋਰਟਾਂ ਵਿਚੋਂ ਚਾਰ ਸੈਂਪਲ ਸਬ-ਸਟੈਂਡਰਡ ਪਾਏ ਗਏ ਹਨ, ਜਦਕਿ ਮਈ 2026 ਦੌਰਾਨ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਭਰੇ ਗਏ 19 ਸੈਂਪਲਾਂ ਦੀਆਂ ਰਿਪੋਰਟਾਂ ਅਜੇ ਵੀ ਲੰਬਿਤ ਹਨ। ਸਹਾਇਕ ਕਮਿਸ਼ਨਰ (ਫੂਡ ਸੇਫਟੀ) ਅਮ੍ਰਿਤਪਾਲ ਸੋਢੀ ਨੇ ਦੱਸਿਆ ਕਿ ਜਿਨ੍ਹਾਂ ਚਾਰ ਸੈਂਪਲਾਂ ਦੀ ਰਿਪੋਰਟ ਮਿਆਰਾਂ ਅਨੁਸਾਰ ਨਹੀਂ ਆਈ, ਉਨ੍ਹਾਂ ਵਿਚ ਗੋਲ ਡਿੱਗੀ ਸਥਿਤ ਲਵਲੀ ਬਰਗਰ ਤੋਂ ਲਿਆ ਗਿਆ ਗ੍ਰੀਨ ਚਟਨੀ ਦਾ ਸੈਂਪਲ ਸ਼ਾਮਲ ਹੈ, ਜੋ ਨਿਰਧਾਰਤ ਗੁਣਵੱਤਾ ਮਾਪਦੰਡਾਂ ਤੇ ਖਰਾ ਨਹੀਂ ਉਤਰਿਆ। ਇਸੇ ਤਰ੍ਹਾਂ ਵੀਬਾ ਬ੍ਰਾਂਡ ਦੀ ਬੀਬੀਕਿਊ ਸਾਸ ਦਾ ਸੈਂਪਲ ਵੀ ਜਾਂਚ ਦੌਰਾਨ ਸਬ-ਸਟੈਂਡਰਡ ਪਾਇਆ ਗਿਆ। ਇਸ ਤੋਂ ਇਲਾਵਾ ਬੱਸ ਸਟੈਂਡ ਨੇੜੇ ਸਥਿਤ ਮੈਟਰੋ ਨਾਮਕ ਵਪਾਰਕ ਅਦਾਰੇ ਤੋਂ ਲਿਆ ਗਿਆ ਮਿਲਕ ਕੇਕ ਅਤੇ ਜਲੰਧਰ ਵਿੱਚ ਤਿਆਰ ਕੀਤੇ ਜਾਂਦੇ ਫੂਡ ਕੋਸਟ ਬ੍ਰਾਂਡ ਦੀ ਰੈੱਡ ਚਿੱਲੀ ਸਾਸ ਦੇ ਸੈਂਪਲ ਵੀ ਗੁਣਵੱਤਾ ਦੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਬ-ਸਟੈਂਡਰਡ ਹੋਣ ਦਾ ਮਤਲਬ ਇਹ ਨਹੀਂ ਕਿ ਖਾਦ ਪਦਾਰਥ ਲਾਜ਼ਮੀ ਤੌਰ ਤੇ ਮਿਲਾਵਟੀ ਜਾਂ ਸਿਹਤ ਲਈ ਤੁਰੰਤ ਹਾਨੀਕਾਰਕ ਹੈ, ਬਲਕਿ ਇਹ ਹੈ ਕਿ ਉਹ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਨਿਰਧਾਰਤ ਗੁਣਵੱਤਾ ਮਾਪਦੰਡਾਂ ਤੇ ਪੂਰਾ ਨਹੀਂ ਉਤਰਿਆ। ਅਜਿਹੇ ਮਾਮਲਿਆਂ ਵਿਚ ਸਬੰਧਤ ਦੁਕਾਨਦਾਰਾਂ, ਨਿਰਮਾਤਾਵਾਂ ਜਾਂ ਸਪਲਾਇਰਾਂ ਖ਼ਿਲਾਫ਼ ਕਾਨੂੰਨੀ ਪ੍ਰਾਵਧਾਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਦੌਰਾਨ ਵੀਰਵਾਰ ਨੂੰ ਫੂਡ ਸੇਫਟੀ ਵਿਭਾਗ ਦੀ ਫੂਡ ਸੇਫਟੀ ਆਨ ਵੀਲਜ਼ (ਮੋਬਾਈਲ ਫੂਡ ਟੈਸਟਿੰਗ ਵੈਨ) ਵੱਲੋਂ ਰਾਮਪੁਰਾ ਬਲਾਕ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਮੁੱਖ ਤੌਰ ਤੇ ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਅਤੇ 15 ਸੈਂਪਲ ਇਕੱਠੇ ਕਰਕੇ ਉਨ੍ਹਾਂ ਦੀ ਮੌਕੇ ਤੇ ਸ਼ੁਰੂਆਤੀ ਜਾਂਚ ਕੀਤੀ ਗਈ। ਵਿਭਾਗ ਦਾ ਮੁੱਖ ਉਦੇਸ਼ ਦੁੱਧ ਅਤੇ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਹੋਣ ਵਾਲੀ ਮਿਲਾਵਟ ਨੂੰ ਰੋਕਣਾ, ਖਪਤਕਾਰਾਂ ਦੀ ਸਿਹਤ ਦੀ ਸੁਰੱਖਿਆ ਕਰਨਾ ਅਤੇ ਬਾਜ਼ਾਰ ਵਿੱਚ ਸਿਰਫ਼ ਗੁਣਵੱਤਾ ਵਾਲੇ ਖਾਦ ਪਦਾਰਥ ਹੀ ਉਪਲਬਧ ਕਰਵਾਉਣਾ ਹੈ। ਇਸ ਜਾਂਚ ਮੁਹਿੰਮ ਵਿਚ ਫੂਡ ਸੇਫਟੀ ਅਫ਼ਸਰ ਨਵਦੀਪ ਸਿੰਘ, ਸੁਧੀਰ ਸਿੰਗਲਾ ਅਤੇ ਦਿਵਿਆ ਗੋਸਵਾਮੀ ਸਮੇਤ ਹੋਰ ਅਧਿਕਾਰੀਆਂ ਨੇ ਭਾਗ ਲਿਆ। ਟੀਮ ਨੇ ਵੱਖ-ਵੱਖ ਦੁਕਾਨਾਂ, ਡੇਅਰੀਆਂ, ਮਿਠਾਈਆਂ ਦੀਆਂ ਦੁਕਾਨਾਂ ਅਤੇ ਖਾਦ ਪਦਾਰਥਾਂ ਦੇ ਵਪਾਰਕ ਅਦਾਰਿਆਂ ਦਾ ਨਿਰੀਖਣ ਕਰਦੇ ਹੋਏ ਸੰਚਾਲਕਾਂ ਨੂੰ ਸਫ਼ਾਈ ਬਣਾਈ ਰੱਖਣ, ਖਾਦ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ, ਮਿਆਰੀ ਕੱਚਾ ਮਾਲ ਵਰਤਣ ਅਤੇ ਖਪਤਕਾਰਾਂ ਨੂੰ ਗੁਣਵੱਤਾ ਵਾਲੇ ਉਤਪਾਦ ਹੀ ਵੇਚਣ ਲਈ ਜਾਗਰੂਕ ਕੀਤਾ। ਸਹਾਇਕ ਕਮਿਸ਼ਨਰ ਅਮ੍ਰਿਤਪਾਲ ਸੋਢੀ ਨੇ ਦੱਸਿਆ ਕਿ ਫੂਡ ਸੇਫਟੀ ਆਨ ਵੀਲਜ਼ ਵੈਨ ਦੀ ਸਹੂਲਤ ਆਮ ਲੋਕਾਂ ਅਤੇ ਦੁਕਾਨਦਾਰਾਂ ਲਈ ਵੀ ਉਪਲਬਧ ਹੈ। ਕੋਈ ਵੀ ਵਿਅਕਤੀ ਆਪਣੇ ਖਾਣ-ਪੀਣ ਵਾਲੇ ਪਦਾਰਥ ਦੀ ਸਿਰਫ਼ 50 ਰੁਪਏ ਪ੍ਰਤੀ ਸੈਂਪਲ ਦੇ ਨਾਂਮਾਤਰ ਰਕਮ ਤੇ ਜਾਂਚ ਕਰਵਾ ਸਕਦਾ ਹੈ। ਮੋਬਾਈਲ ਲੈਬ ਵਿਚ ਕਈ ਤਰ੍ਹਾਂ ਦੇ ਖਾਦ ਪਦਾਰਥਾਂ ਦੀ ਮੁੱਢਲੀ ਜਾਂਚ ਮੌਕੇ ਤੇ ਹੀ ਕੀਤੀ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਇਹ ਜਾਣਨ ਵਿੱਚ ਸਹੂਲਤ ਮਿਲਦੀ ਹੈ ਕਿ ਉਨ੍ਹਾਂ ਵੱਲੋਂ ਵਰਤਿਆ ਜਾ ਰਿਹਾ ਖਾਦ ਪਦਾਰਥ ਗੁਣਵੱਤਾ ਮਾਪਦੰਡਾਂ ਤੇ ਖਰਾ ਉਤਰਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਨੂੰ ਰੋਕਣ ਲਈ ਸਿਰਫ਼ ਸਰਕਾਰੀ ਵਿਭਾਗਾਂ ਦੀ ਕਾਰਵਾਈ ਹੀ ਕਾਫ਼ੀ ਨਹੀਂ, ਸਗੋਂ ਲੋਕਾਂ ਦੀ ਜਾਗਰੂਕਤਾ ਅਤੇ ਭਾਗੀਦਾਰੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ, ਦੁਕਾਨਦਾਰਾਂ ਅਤੇ ਖਾਦ ਪਦਾਰਥਾਂ ਨਾਲ ਸਬੰਧਤ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਫੂਡ ਸੇਫਟੀ ਵਿਭਾਗ ਵੱਲੋਂ ਦਿੱਤੀ ਜਾ ਰਹੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ, ਸ਼ੱਕੀ ਖਾਦ ਪਦਾਰਥਾਂ ਦੀ ਜਾਂਚ ਜ਼ਰੂਰ ਕਰਵਾਉਣ ਅਤੇ ਮਿਲਾਵਟਖੋਰੀ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਵਿਭਾਗ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਮਿਲਾਵਟ ਤੇ ਪ੍ਰਭਾਵਸ਼ਾਲੀ ਰੋਕ ਲਗਾਈ ਜਾ ਸਕਦੀ ਹੈ ਅਤੇ ਖਪਤਕਾਰਾਂ ਤੱਕ ਸੁਰੱਖਿਅਤ, ਸ਼ੁੱਧ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਪਹੁੰਚਾਉਣ ਦਾ ਟੀਚਾ ਸਫਲਤਾਪੂਰਵਕ ਹਾਸਲ ਕੀਤਾ ਜਾ ਸਕਦਾ ਹੈ।