ਮਾਵਾਂ-ਧੀਆਂ ਸਤਕਾਰ ਯੋਜਨਾ: ਆਂਗਨਵਾੜੀ ਕੇਂਦਰਾਂ ’ਚੋਂ ਫਾਰਮ ਹੋਏ ਖਤਮ, ਔਰਤਾਂ ਪਰੇਸ਼ਾਨ ਮਾਵਾਂ-ਧੀਆਂ ਸਤਕਾਰ ਯੋਜਨਾ: ਆਂਗਣਵਾੜੀ ਕੇਂਦਰਾਂ ’ਚੋਂ ਫਾਰਮਾਂ ਖਤਮ, ਔਰਤਾਂ ਨੂੰ ਕਰਨਾ ਪੈ ਰਿਹਾ ਖੱਜਲ ਖੁਆਰੀ ਦਾ ਸਾਹਮਣਾ
Publish Date: Fri, 03 Jul 2026 04:46 PM (IST)
Updated Date: Fri, 03 Jul 2026 04:50 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਮਾਵਾਂ-ਧੀਆਂ ਸਤਕਾਰ ਯੋਜਨਾ” 1 ਜੁਲਾਈ ਤੋਂ ਲਾਗੂ ਹੋਣ ਤੋਂ ਬਾਅਦ ਜਿੱਥੇ ਇਕ ਪਾਸੇ ਵੱਡੀ ਗਿਣਤੀ ਵਿਚ ਔਰਤਾਂ ਨੇ ਇਸ ਯੋਜਨਾ ਪ੍ਰਤੀ ਉਤਸ਼ਾਹ ਦਿਖਾਇਆ ਹੈ, ਉੱਥੇ ਹੀ ਦੂਜੇ ਪਾਸੇ ਜਮੀਨੀ ਪੱਧਰ ‘ਤੇ ਪ੍ਰਸ਼ਾਸਨਿਕ ਤਿਆਰੀਆਂ ਦੀ ਕਮੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਬਠਿੰਡਾ ਜ਼ਿਲ੍ਹੇ ਵਿੱਚ ਹਜ਼ਾਰਾਂ ਔਰਤਾਂ ਹਰ ਰੋਜ਼ ਯੋਜਨਾ ਲਈ ਆਂਗਨਵਾੜੀ ਕੇਂਦਰਾਂ ਦੇ ਚੱਕਰ ਲਗਾ ਰਹੀਆਂ ਹਨ, ਪਰ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਨਿਰਾਸ਼ ਹੋ ਵਾਪਿਸਜਾਣਾ ਪੈ ਰਿਹਾ ਹੈ, ਕਿਉਂਕਿ ਆਂਗਨਵਾਨੀ ਕੇਂਦਰਾਂ ਵਿੱਚੋਂ ਯੋਜਨਾ ਸਬੰਧੀ ਅਰਜ਼ੀ ਫਾਰਮ ਖਤਮ ਹੋ ਗਏ ਹਨ। ਅਸਲ ਵਿਚ ਪੰਜਾਬ ਸਰਕਾਰ ਨੇ ਬਿਨ੍ਹਾਂ ਕਿਸੇ ਠੋਸ ਯੋਜਨਾ ਦੇ ਫਰਾਮ ਭਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਇਸ ਹਫੜਾ ਦਫ਼ੜੀ ਵਿਚ ਔਰਤਾਂ ਸਭ ਤੋਂ ਵੱਧ ਖੱਜਲ ਖੁਆਰ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਹੁਣ ਤੱਕ 2 ਲੱਖ 61 ਹਜ਼ਾਰ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਨ੍ਹਾਂ ਵਿਚ ਵੱਡੀ ਗਿਣਤੀ ਜਨਰਲ ਵਰਗ ਦੀਆਂ ਔਰਤਾਂ ਦੇ ਨਾਲ ਨਾਲ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਵੀ ਸ਼ਾਮਲ ਹਨ। ਸ਼ੁਰੂਆਤੀ ਦਿਨਾਂ ਵਿਚ ਜਦੋਂ ਯੋਜਨਾ ਲਾਗੂ ਕੀਤੀ ਗਈ ਸੀ, ਉਸ ਸਮੇਂ ਬਹੁਤ ਸਾਰੀਆਂ ਔਰਤਾਂ ਨੇ ਤੁਰੰਤ ਰਜਿਸਟ੍ਰੇਸ਼ਨ ਕਰਵਾ ਲਈ ਸੀ। ਪਰ ਜਿਨ੍ਹਾਂ ਔਰਤਾਂ ਕਿਸੇ ਕਾਰਨ ਕਰਕੇ ਸ਼ੁਰੂ ਵਿੱਚ ਅਰਜ਼ੀ ਨਹੀਂ ਦੇ ਸਕੀਆਂ, ਉਹ ਹੁਣ ਫਾਰਮ ਲੈਣ ਲਈ ਆਂਗਨਵਾੜੀ ਕੇਂਦਰਾਂ ‘ਤੇ ਪਹੁੰਚ ਰਹੀਆਂ ਹਨ ਅਤੇ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹੇ ਵਿੱਚ ਕੁੱਲ 425 ਆਂਗਣਵਾੜੀ ਕੇਂਦਰ ਚੱਲ ਰਹੇ ਹਨ ਜਿੱਥੇ ਸਰਕਾਰ ਵੱਲੋਂ ਨਿਯੁਕਤ “ਸਖੀਆਂ” ਰਾਹੀਂ ਅਰਜ਼ੀ ਪ੍ਰਕਿਰਿਆ ਚਲਾਈ ਜਾ ਰਹੀ ਹੈ। ਹਰ ਇਕ ਸਖੀ ਨੂੰ ਸ਼ੁਰੂ ਵਿਚ ਸਿਰਫ਼ 50-50 ਅਰਜ਼ੀ ਫਾਰਮ ਦਿੱਤੇ ਗਏ ਸਨ। ਇਹ ਫਾਰਮ ਸ਼ੁਰੂਆਤੀ ਕੁਝ ਦਿਨਾਂ ਵਿਚ ਹੀ ਭਰ ਕੇ ਜਮ੍ਹਾਂ ਹੋ ਗਏ। ਇਸ ਤੋਂ ਬਾਅਦ ਨਵੇਂ ਫਾਰਮ ਸਮੇਂ ਸਿਰ ਨਾ ਪਹੁੰਚਣ ਕਾਰਨ ਬਹੁਤ ਸਾਰੇ ਕੇਂਦਰਾਂ ‘ਤੇ ਅਰਜ਼ੀ ਪ੍ਰਕਿਰਿਆ ਰੁਕ ਗਈ ਹੈ। ਔਰਤਾਂ ਵੱਡੀ ਗਿਣਤੀ ਵਿਚ ਕੇਂਦਰਾਂ ਅਤੇ ਸਖੀਆਂ ਦੇ ਘਰਾਂ ਵਿਚ ਪਹੁੰਚ ਰਹੀਆਂ ਹਨ। ਸਥਿਤੀ ਇਹ ਹੈ ਕਿ ਹੁਣ ਕਈ ਔਰਤਾਂ ਮਜਬੂਰੀ ਵਿਚ ਫਾਰਮ ਦੀ ਫੋਟੋ ਸਟੇਟ ਕਾਪੀ ਕਰਵਾ ਕੇ ਭਰ ਰਹੀਆਂ ਹਨ, ਪਰ ਆਂਗਨਵਾੜੀ ਕੇਂਦਰਾਂ ਵੱਲੋਂ ਅਜਿਹੀਆਂ ਫੋਟੋ ਸਟੇਟ ਕਾਪੀਆਂ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਔਰਤਾਂ ਵਿਚ ਭਾਰੀ ਰੋਸ ਅਤੇ ਨਾਰਾਜ਼ਗੀ ਪਾਈ ਜਾ ਰਹੀ ਹੈ। ਕਈ ਔਰਤਾਂ ਰੋਜ਼ਾਨਾਂ ਕਈ ਕਿਲੋਮੀਟਰ ਦੂਰੋਂ ਆ ਕੇ ਕੇਂਦਰਾਂ ‘ਤੇ ਪਹੁੰਚਦੀਆਂ ਹਨ ਪਰ ਉਨ੍ਹਾਂ ਨੂੰ ਸਿਰਫ਼ ਇਹੀ ਜਵਾਬ ਮਿਲਦਾ ਹੈ ਕਿ ਨਵੇਂ ਫਾਰਮ ਆਉਣ ਦੀ ਉਡੀਕ ਕਰੋ। ਆਂਗਨਵਾੜੀ ਯੂਨੀਅਨ ਦੀ ਆਗੂ ਪ੍ਰਤਿਭਾ ਸ਼ਰਮਾ ਦੇ ਅਨੁਸਾਰ ਵਿਭਾਗ ਵੱਲੋਂ ਜਿੰਨੇ ਫਾਰਮ ਦਿੱਤੇ ਗਏ ਸਨ, ਉਹ ਸਭ ਸਖੀਆਂ ਵਿੱਚ ਵੰਡੇ ਜਾ ਚੁੱਕੇ ਹਨ ਅਤੇ ਭਰ ਕੇ ਜਮ੍ਹਾਂ ਵੀ ਹੋ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਨਵੇਂ ਫਾਰਮ ਆਉਂਦੇ ਹਨ ਤਾਂ ਉਹ ਤੁਰੰਤ ਕੇਂਦਰਾਂ ਵਿੱਚ ਵੰਡੇ ਜਾਣਗੇ, ਪਰ ਮੰਗ ਦੇ ਮੁਕਾਬਲੇ ਸਪਲਾਈ ਕਾਫ਼ੀ ਘੱਟ ਹੈ। ਇਸ ਕਾਰਨ ਆਮ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਕੁਝ ਸੇਵਾ ਕੇਂਦਰਾਂ ਨੂੰ ਵੀ ਇਸ ਯੋਜਨਾ ਨਾਲ ਜੋੜਿਆ ਗਿਆ ਹੈ ਤਾਂ ਜੋ ਅਰਜ਼ੀ ਪ੍ਰਕਿਰਿਆ ਆਸਾਨ ਬਣ ਸਕੇ। ਪਰ ਇੱਥੇ ਵੀ ਸਮੱਸਿਆ ਇਹ ਹੈ ਕਿ ਸੇਵਾ ਕੇਂਦਰਾਂ ਵਿਚ ਅਰਜ਼ੀ ਦੇਣ ਤੋਂ ਪਹਿਲਾਂ ਆਂਗਣਵਾੜੀ ਕੇਂਦਰ ਤੋਂ ਮਿਲਣ ਵਾਲਾ ਅਸਲ ਫਾਰਮ ਭਰਨਾ ਲਾਜ਼ਮੀ ਹੈ। ਜਦੋਂ ਮੁੱਖ ਫਾਰਮ ਹੀ ਉਪਲਬਧ ਨਹੀਂ, ਤਾਂ ਸੇਵਾ ਕੇਂਦਰਾਂ ਦੀ ਭੂਮਿਕਾ ਵੀ ਅਸਰਦਾਰ ਨਹੀਂ ਰਹਿ ਜਾਂਦੀ। ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਪੰਕਜ ਕੁਮਾਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਨਿਰੰਤਰ ਨਵੇਂ ਫਾਰਮ ਭੇਜੇ ਜਾ ਰਹੇ ਹਨ ਅਤੇ ਜਿਵੇਂ ਹੀ ਉਹ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਕੇਂਦਰਾਂ ਤਕ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਅਨੁਸਾਰ ਅਰਜ਼ੀਆਂ ਲਗਾਤਾਰ ਸਵੀਕਾਰ ਕੀਤੀਆਂ ਜਾ ਰਹੀਆਂ ਹਨ। ਪਰ ਜਮੀਨੀ ਹਕੀਕਤ ਇਹ ਹੈ ਕਿ ਕਈ ਕੇਂਦਰਾਂ ‘ਤੇ ਹਾਲੇ ਵੀ ਫਾਰਮਾਂ ਦੀ ਕਮੀ ਕਾਰਨ ਪ੍ਰਕਿਰਿਆ ਪੂਰੀ ਤਰ੍ਹਾਂ ਚੱਲ ਨਹੀਂ ਰਹੀ। ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਰਜਿਸਟ੍ਰੇਸ਼ਨ ਮੌੜ ਮੰਡੀ ਹਲਕੇ ਵਿੱਚ ਹੋਈ ਹੈ ਜਿੱਥੇ ਲਗਭਗ 63 ਹਜ਼ਾਰ ਔਰਤਾਂ ਨੇ ਅਰਜ਼ੀ ਦਿੱਤੀ ਹੈ। ਇਸ ਤੋਂ ਬਾਅਦ ਰਾਮਪੁਰਾ ਫੂਲ, ਤਲਵੰਡੀ ਸਾਬੋ, ਭੁੱਚੋ ਮੰਡੀ, ਬਠਿੰਡਾ ਦਿਹਾਤੀ ਅਤੇ ਬਠਿੰਡਾ ਸ਼ਹਿਰੀ ਹਲਕਿਆਂ ਵਿੱਚ ਵੀ ਵੱਡੀ ਗਿਣਤੀ ਵਿੱਚ ਰਜਿਸਟ੍ਰੇਸ਼ਨ ਹੋਈ ਹੈ। ਕੁਝ ਹੀ ਦਿਨਾਂ ਵਿੱਚ ਢਾਈ ਲੱਖ ਤੋਂ ਵੱਧ ਅਰਜ਼ੀਆਂ ਆਉਣ ਤੋਂ ਇਹ ਸਪਸ਼ਟ ਹੈ ਕਿ ਯੋਜਨਾ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ, ਪਰ ਪ੍ਰਬੰਧ ਸਹੀ ਨਹੀਂ ਹੈ। ਹਾਲਾਂਕਿ ਇੰਨੀ ਵੱਡੀ ਮੰਗ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਯੋਗ ਪ੍ਰਬੰਧ ਨਾ ਕਰਨ ਕਾਰਨ ਯੋਜਨਾ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠ ਰਹੇ ਹਨ। ਜੇਕਰ ਸ਼ੁਰੂ ਤੋਂ ਹੀ ਯੋਗ ਮਾਤਰਾ ਵਿੱਚ ਫਾਰਮ ਅਤੇ ਪ੍ਰਬੰਧ ਕੀਤੇ ਜਾਂਦੇ, ਤਾਂ ਔਰਤਾਂ ਨੂੰ ਆੰਗਣਵਾੜੀ ਕੇਂਦਰਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ। ਇਸ ਸਮੇਂ ਸਥਿਤੀ ਇਹ ਹੈ ਕਿ ਯੋਜਨਾ ਦਾ ਲਾਭ ਲੈਣ ਦੀ ਇੱਛੁਕ ਔਰਤਾਂ ਨੂੰ ਸਭ ਤੋਂ ਵੱਡੀ ਸਮੱਸਿਆ ਫਾਰਮਾਂ ਦੀ ਉਪਲਬਧਤਾ ਦੀ ਆ ਰਹੀ ਹੈ, ਜਿਸ ਕਾਰਨ ਯੋਜਨਾ ਦੀ ਸਫਲਤਾ ਅਤੇ ਕਾਰਗੁਜ਼ਾਰੀ ਦੋਵੇਂ ਹੀ ਪ੍ਰਭਾਵਿਤ ਹੋ ਰਹੇ ਹਨ। ਮਾਵਾਂ-ਧੀਆਂ ਸਤਕਾਰ ਯੋਜਨਾ : ਹਲਕਾਵਾਰ ਰਜਿਸਟ੍ਰੇਸ਼ਨ ਦੇ ਅੰਕੜੇ ਬਠਿੰਡਾ ਜ਼ਿਲ੍ਹੇ ’ਚ ਮਾਵਾਂ-ਧੀਆਂ ਸਤਕਾਰ ਯੋਜਨਾ ਤਹਿਤ ਵੱਡੀ ਗਿਣਤੀ ਵਿੱਚ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਹਲਕਾਵਾਰ ਅੰਕੜਿਆਂ ਮੁਤਾਬਕ ਕੁੱਲ 2,61,527 ਰਜਿਸਟ੍ਰੇਸ਼ਨ ਦਰਜ ਕੀਤੀ ਗਈ ਹੈ। ਬਾਕਸ ਹਲਕਾ ਜਨਰਲ ਐੱਸਸੀ ਕੁੱਲ ਮੌੜ ਮੰਡੀ 44,138 18,860 62,998 ਰਾਮਪੁਰਾ ਫੂਲ 40,302 16,889 57,191 ਤਲਵੰਡੀ ਸਾਬੋ 36,187 14,673 50,860 ਭੁੱਚੋ ਮੰਡੀ 27,470 13,133 40,603 ਬਠਿੰਡਾ ਦਿਹਾਤੀ 21,329 11,600 32,929 ਬਠਿੰਡਾ ਸ਼ਹਿਰੀ 13,101 3,845 16,946 ਕੁੱਲ ਜਨਰਲ: 1,82,527 ਐੱਸਸੀ: 79,000 ਕੁੱਲ ਰਜਿਸਟ੍ਰੇਸ਼ਨ: 2,61,527 ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸਭ ਤੋਂ ਵੱਧ ਰਜਿਸਟ੍ਰੇਸ਼ਨ ਮੌੜ ਮੰਡੀ ਹਲਕੇ ਵਿਚ ਹੋਏ ਹਨ, ਜਦਕਿ ਸਭ ਤੋਂ ਘੱਟ ਰਜਿਸਟ੍ਰੇਸ਼ਨ ਬਠਿੰਡਾ ਸ਼ਹਿਰੀ ਵਿਚ ਦਰਜ ਕੀਤੇ ਗਏ ਹਨ। ਪੂਰੇ ਜ਼ਿਲ੍ਹੇ ਵਿਚ ਯੋਜਨਾ ਪ੍ਰਤੀ ਔਰਤਾਂ ਦਾ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।