ਤਲਵੰਡੀ ਸਾਬੋ ਦੇ ਬੱਸ ਅੱਡੇ ਦੀ ਬਦਹਾਲੀ ,10 ਜੁਲਾਈ ਤਕ ਸੁਧਾਰ ਨਾ ਹੋਇਆ ਤਾਂ ਧਰਨੇ ਦੀ ਚੇਤਾਵਨੀ: ਭਾਗੀਬਾਂਦਰ ਤਲਵੰਡੀ ਸਾਬੋ ਦੇ ਬੱਸ ਅੱਡੇ ਦੀ ਬਦਹਾਲੀ ,10 ਜੁਲਾਈ ਤਕ ਸੁਧਾਰ ਨਾ ਹੋਇਆ ਤਾਂ ਧਰਨੇ ਦੀ ਚੇਤਾਵਨੀ: ਭਾਗੀਬਾਂਦਰ
Publish Date: Fri, 03 Jul 2026 04:23 PM (IST)
Updated Date: Fri, 03 Jul 2026 04:26 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਨਗਰੀ ਤਲਵੰਡੀ ਸਾਬੋ ਦੇ ਬੱਸ ਅੱਡੇ ਦੀ ਖ਼ਰਾਬ ਹਾਲਤ ਨੂੰ ਲੈ ਕੇ ਸਿਆਸੀ ਤਣਾਅ ਵਧ ਗਿਆ ਹੈ। ਹਲਕਾ ਤਲਵੰਡੀ ਸਾਬੋ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ 10 ਜੁਲਾਈ ਤੱਕ ਬੱਸ ਅੱਡੇ ਦੇ ਸੁਧਾਰ ਕਾਰਜ ਸ਼ੁਰੂ ਕਰਨ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਨਿਰਧਾਰਤ ਸਮੇਂ ਤੱਕ ਕੰਮ ਸ਼ੁਰੂ ਨਾ ਹੋਇਆ ਤਾਂ ਕਾਂਗਰਸ ਵਰਕਰ ਬੱਸ ਅੱਡੇ ਨੂੰ ਜਿੰਦਰਾ ਲਾ ਕੇ ਪੱਕਾ ਧਰਨਾ ਸ਼ੁਰੂ ਕਰਨਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਪਵਿੱਤਰ ਸ਼ਹਿਰ ਤਲਵੰਡੀ ਸਾਬੋ ਵਿੱਚ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ, ਪਰ ਬੱਸ ਅੱਡੇ ਦੀ ਮੌਜੂਦਾ ਹਾਲਤ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਮੀਂਹ ਨਾਲ ਹੀ ਬੱਸ ਅੱਡਾ ਪਾਣੀ ਨਾਲ ਭਰ ਜਾਂਦਾ ਹੈ ਅਤੇ ਛੱਪੜ ਦਾ ਰੂਪ ਧਾਰ ਲੈਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਕਾਰਨ ਬੱਸਾਂ ਨੂੰ ਅੱਡੇ ਅੰਦਰ ਖੜ੍ਹਾ ਕਰਨ ਦੀ ਬਜਾਏ ਸੜਕਾਂ ‘ਤੇ ਰੋਕਣਾ ਪੈਂਦਾ ਹੈ, ਜਿਸ ਨਾਲ ਟ੍ਰੈਫਿਕ ਜਾਮ ਅਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਕਰਕੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਸਭ ਤੋਂ ਵੱਧ ਦਿੱਕਤਾਂ ਹੁੰਦੀਆਂ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਬੱਸਾਂ ਨਿਰਧਾਰਤ ਕਾਊਂਟਰਾਂ ‘ਤੇ ਨਾ ਲੱਗਣ ਕਾਰਨ ਯਾਤਰੀਆਂ ਨੂੰ ਜਾਣਕਾਰੀ ਨਹੀਂ ਮਿਲਦੀ ਕਿ ਕਿਹੜੀ ਬੱਸ ਕਿੱਥੇ ਖੜ੍ਹੀ ਹੈ, ਜਿਸ ਨਾਲ ਗਲਤਫਹਿਮੀ ਅਤੇ ਭੀੜ-ਭਾੜ ਵਧਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਸਾਢੇ ਚਾਰ ਸਾਲਾਂ ਵਿੱਚ ਵੀ ਇਸ ਬੁਨਿਆਦੀ ਸਹੂਲਤ ਵੱਲ ਧਿਆਨ ਨਹੀਂ ਦਿੱਤਾ ਗਿਆ। ਭਾਗੀਵਾਂਦਰ ਨੇ ਕਿਹਾ ਕਿ 10 ਜੁਲਾਈ ਤੱਕ ਜੇ ਠੋਸ ਕਾਰਵਾਈ ਨਾ ਹੋਈ ਤਾਂ ਕਾਂਗਰਸ ਪਾਰਟੀ ਵੱਡਾ ਸੰਘਰਸ਼ ਸ਼ੁਰੂ ਕਰੇਗੀ ਅਤੇ ਬੱਸ ਅੱਡੇ ਨੂੰ ਜਿੰਦਰਾ ਲਾ ਕੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੱਸ ਅੱਡੇ ਨੂੰ ਤੁਰੰਤ ਆਧੁਨਿਕ ਅਤੇ ਸੁਵਿਧਾਜਨਕ ਬਣਾਇਆ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪਵਿੱਤਰ ਸ਼ਹਿਰ ਦੀ ਪਛਾਣ ਸਿਰਫ਼ ਬਿਆਨਾਂ ਨਾਲ ਨਹੀਂ, ਸਗੋਂ ਬੁਨਿਆਦੀ ਸਹੂਲਤਾਂ ਨਾਲ ਬਣਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀਆਂ ਰੋਜ਼ਾਨਾ ਸਮੱਸਿਆਵਾਂ ਵੱਲ ਧਿਆਨ ਦੇਵੇ ਅਤੇ ਤਲਵੰਡੀ ਸਾਬੋ ਦੇ ਬੱਸ ਅੱਡੇ ਦੀ ਹਾਲਤ ਸੁਧਾਰੇ।