ਪਲਸ ਪੋਲੀਓ ਰਾਊਂਡ ਦੇ ਆਖ਼ਰੀ ਦਿਨ ਘਰ-ਘਰ ਜਾ ਪਿਆਈਆਂ ਬੂੰਦਾਂ ਨੈਸ਼ਨਲ ਪਲਸ ਪੋਲੀਓ ਰਾਊਂਡ ਦੇ ਆਖਰੀ ਦਿਨ ਘਰ-ਘਰ ਜਾ ਪਿਲਾਈਆਂ ਬੂੰਦਾਂ
Publish Date: Wed, 01 Jul 2026 07:35 PM (IST)
Updated Date: Thu, 02 Jul 2026 04:08 AM (IST)
- 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਸਫਲਤਾਪੂਰਵਕ ਹਾਸਲ ਫੋਟੋ:24 ਕੈਪਸ਼ਨ: ਟਰੈਕਟਰ ਟਰਾਲੀ ’ਤੇ ਜਾ ਰਹੇ ਮਜ਼ਦੂਰ ਦੇ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਉਦਾ ਹੋਇਆ ਮੁਲਾਜ਼ਮ। ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹਾ ਬਠਿੰਡਾ ’ਚ ਚਲਾਈ ਗਈ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੇ ਆਖਰੀ ਦਿਨ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਗਈਆਂ ਤੇ ਮਿੱਥਿਆ ਟੀਚਾ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ। ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਮੀਨਾਕਸ਼ੀ ਸਿੰਗਲਾ ਦੀ ਦੇਖ-ਰੇਖ ਹੇਠ 28 ਤੋਂ 30 ਜੂਨ ਤੱਕ ਤਿੰਨ ਦਿਨਾਂ ਦਾ ਵਿਸ਼ੇਸ਼ ਪਲਸ ਪੋਲੀਓ ਰਾਊਂਡ ਚਲਾਇਆ ਗਿਆ ਸੀ। ਇਸ ਦੌਰਾਨ ਜ਼ਿਲ੍ਹੇ ਦੇ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਮੁਹਿੰਮ ਦੀ ਸਫਲਤਾ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਨਾਲ-ਨਾਲ ਆਂਗਣਵਾੜੀ ਵਰਕਰਾਂ, ਆਂਗਣਵਾੜੀ ਹੈਲਪਰਾਂ, ਸਵੈ-ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਵਲੰਟੀਅਰਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਘਰ-ਘਰ ਪਹੁੰਚ ਕਰਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਕੋਈ ਵੀ ਯੋਗ ਬੱਚਾ ਇਸ ਮੁਹਿੰਮ ਤੋਂ ਵਾਂਝਾ ਨਾ ਰਹੇ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਵਿੱਚ ਜਨਵਰੀ 2011 ਤੋਂ ਬਾਅਦ ਕੋਈ ਵੀ ਪੋਲੀਓ ਦਾ ਕੇਸ ਦਰਜ ਨਹੀਂ ਹੋਇਆ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ ਭਾਰਤ ਨੂੰ ਪੋਲੀਓ ਮੁਕਤ ਦੇਸ਼ ਦਾ ਦਰਜਾ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਸਫਲਤਾ ਹੈ, ਪਰ ਗੁਆਂਢੀ ਦੇਸ਼ਾਂ ਤੋਂ ਪੋਲੀਓ ਵਾਇਰਸ ਦੇ ਆਉਣ ਦਾ ਖਤਰਾ ਹਜੇ ਵੀ ਬਣਿਆ ਰਹਿੰਦਾ ਹੈ, ਇਸ ਲਈ ਸਾਵਧਾਨੀ ਬਰਕਰਾਰ ਰੱਖਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੋਲੀਓ ਮੁਕਤ ਭਾਰਤ ਦੀ ਇਸ ਉਪਲਬਧੀ ਨੂੰ ਕਾਇਮ ਰੱਖਣ ਲਈ ਲਗਾਤਾਰ ਟੀਕਾਕਰਨ ਮੁਹਿੰਮਾਂ ਦੀ ਲੋੜ ਹੈ ਅਤੇ ਹਰ ਮਾਪੇ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਜ਼ਰੂਰ ਪਿਲਾਉਣ। ਡਾ. ਤਪਿੰਦਰਜੋਤ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸਾਰੇ ਵਿਭਾਗਾਂ, ਆਸ਼ਾ ਵਰਕਰਾਂ, ਸਿਹਤ ਕਰਮਚਾਰੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਮਹੱਤਵਪੂਰਨ ਸਿਹਤ ਮੁਹਿੰਮ ਪੂਰੀ ਤਰ੍ਹਾਂ ਸਫਲ ਹੋ ਸਕੀ ਹੈ। ਸਿਹਤ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਮੁਹਿੰਮਾਂ ਜਾਰੀ ਰਹਿਣਗੀਆਂ ਤਾਂ ਜੋ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਸਮਾਜ ਨੂੰ ਪੂਰੀ ਤਰ੍ਹਾਂ ਸਿਹਤਮੰਦ ਬਣਾਇਆ ਜਾ ਸਕੇ।