ਸਵ. ਹਰਪਾਲ ਖਹਿਰਾ ਦੀ ਯਾਦ ‘ਚ ਖ਼ੂਨਦਾਨ ਕੈਂਪ ਲਗਾਇਆ, ਕੈਂਪ ਦੌਰਾਨ 61 ਯੂਨਿਟ ਖ਼ੂਨ ਇਕੱਤਰ
ਸਵ. ਹਰਪਾਲ ਖਹਿਰਾ ਦੀ ਯਾਦ ‘ਚ ਖ਼ੂਨਦਾਨ ਕੈਂਪ ਲਗਾਇਆ
Publish Date: Fri, 26 Jun 2026 03:50 PM (IST)
Updated Date: Fri, 26 Jun 2026 03:52 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸ੍ਰੋਮਣੀ ਅਕਾਲੀ ਦਲ ਸਰਕਲ ਭਗਤਾ ਭਾਈਕਾ ਦੇ ਨੌਜਵਾਨ ਆਗੂ ਸੁਖਜਿੰਦਰ ਸਿੰਘ ਖਹਿਰਾ ਦੇ ਸਤਿਕਾਰਯੋਗ ਪਿਤਾ ਸਵ. ਹਰਪਾਲ ਸਿੰਘ ਖਹਿਰਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ। ਨੌਜਵਾਨ ਅਕਾਲੀ ਆਗੂ ਸੁਖਜਿੰਦਰ ਸਿੰਘ ਖਹਿਰਾ ਵੱਲੋਂ ਆਪਣੇ ਪਿਤਾ ਦੀ ਪਵਿੱਤਰ ਯਾਦ ਨੂੰ ਸਮਾਜ ਸੇਵਾ ਨਾਲ ਜੋੜਦਿਆਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾ ਕੇ ਇੱਕ ਨਵੀਂ ਅਤੇ ਪ੍ਰੇਰਣਾਦਾਇਕ ਪਿਰਤ ਪਾਈ ਗਈ। ਇਸ ਉਪਰਾਲੇ ਨੂੰ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਸਹਿਰ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ 6ਵੀਂ ਅਤੇ 10ਵੀਂ ਦੇ ਨਜ਼ਦੀਕ ਖ਼ੂਹ ਕਮੇਟੀ ਦੇ ਲੰਗਰ ਹਾਲ ਵਿਚ ਲਗਾਏ ਗਏ ਕੈਂਪ ਵਿਚ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਸੈਂਟਰ ਬਠਿੰਡਾ ਦੀ ਟੀਮ ਵੱਲੋਂ ਡਾ. ਅਜੀਤ ਸਿੰਘ ਦੀ ਅਗਵਾਈ ਹੇਠ ਖੂਨਦਾਨੀਆਂ ਨੇ ਖੂਨਦਾਨ ਕੀਤਾ। ਡਾਕਟਰੀ ਟੀਮ ਨੇ ਖ਼ੂਨਦਾਨੀਆਂ ਦੀ ਸਿਹਤ ਜਾਂਚ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਖ਼ੂਨ ਇਕੱਤਰ ਕੀਤਾ। ਕੈਂਪ ਦੌਰਾਨ ਕੁੱਲ 61 ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕਰਕੇ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਆਪਣਾ ਅਹਿਮ ਯੋਗਦਾਨ ਪਾਇਆ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਖ਼ੂਨਦਾਨੀਆਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕੀਤਾ। ਮਲੂਕਾ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡਾ ਮਨੁੱਖੀ ਸੇਵਾ ਦਾ ਕਾਰਜ ਹੈ, ਜਿਸ ਦਾ ਕੋਈ ਰਾਜਨੀਤਿਕ ਜਾਂ ਧਾਰਮਿਕ ਰੰਗ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਭਲਾਈ ਲਈ ਖ਼ੂਨਦਾਨ ਵਰਗੇ ਮਹਾਨ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਇੱਕ ਯੂਨਿਟ ਖ਼ੂਨ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਕਾਰਨ ਬਣ ਸਕਦਾ ਹੈ। ਸਵ. ਹਰਪਾਲ ਸਿੰਘ ਖਹਿਰਾ ਦੇ ਪੁੱਤਰ ਸੁਖਜਿੰਦਰ ਸਿੰਘ ਖਹਿਰਾ ਨੇ ਕੈਂਪ ਵਿਚ ਪਹੁੰਚੇ ਖਹਿਰਾ ਮਾਰਕਿਟ ਦੇ ਦੁਕਾਨਦਾਰਾਂ, ਸਮੂਹ ਖ਼ੂਨਦਾਨੀਆਂ, ਪਿੰਡ ਵਾਸੀਆਂ, ਸਮਾਜ ਸੇਵੀ ਸੱਜਣਾਂ ਅਤੇ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਸੈਂਟਰ, ਬਠਿੰਡਾ ਦੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਹਮੇਸ਼ਾ ਲੋਕ ਭਲਾਈ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਪਹਿਲ ਦਿੰਦੇ ਸਨ। ਉਨ੍ਹਾਂ ਦੀ ਯਾਦ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਸਭ ਤੋਂ ਵਧੀਆ ਤਰੀਕਾ ਸਮਾਜ ਲਈ ਕੁਝ ਚੰਗਾ ਕਰਨਾ ਹੈ। ਇਸੇ ਸੋਚ ਨਾਲ ਇਹ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਇਹ ਵੀ ਅਹਿਦ ਲਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਆਪਣੇ ਪਿਤਾ ਦੇ ਦਰਸਾਏ ਰਾਹ ਤੇ ਚੱਲਦਿਆਂ ਸਮਾਜ ਸੇਵਾ, ਮਨੁੱਖਤਾ ਦੀ ਭਲਾਈ ਅਤੇ ਲੋਕ ਹਿੱਤ ਦੇ ਕਾਰਜਾਂ ਵਿੱਚ ਲਗਾਤਾਰ ਸਰਗਰਮ ਰਹਿਣਗੇ ਅਤੇ ਅਜਿਹੇ ਲੋਕ ਭਲਾਈ ਦੇ ਉਪਰਾਲੇ ਜਾਰੀ ਰੱਖਣਗੇ। ਸਮਾਗਮ ਦੌਰਾਨ ਹਰ ਵਿਅਕਤੀ ਨੇ ਸਵ. ਹਰਪਾਲ ਸਿੰਘ ਖਹਿਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ ਅਤੇ ਇਸ ਵਿਲੱਖਣ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਡਾ. ਅਜੀਤ ਸਿੰਘ, ਰਾਕੇਸ ਕੁਮਾਰ ਗੋਇਲ, ਮਨਜੀਤ ਸਿੰਘ ਧੁੰਨਾ, ਸੁਖਦੀਪ ਸਿੰਘ ਸਿਰੀਏਵਾਲਾ, ਗਗਨਦੀਪ ਸਿੰਘ ਗਰੇਵਾਲ, ਜਗਮੋਹਨ ਲਾਲ ਭਗਤਾ, ਸੁਖਜਿੰਦਰ ਸਿੰਘ ਖਾਨਦਾਨ, ਜਸਪਾਲ ਸਿੰਘ ਵੜਿੰਗ, ਹਰਦੇਵ ਸਿੰਘ ਗੋਗੀ, ਸਤਵਿੰਦਰਪਾਲ ਸਿੰਘ ਪਿੰਦਰ, ਕੁਲਦੀਪ ਸਿੰਘ ਬਰਾੜ, ਬਲਰਾਜ ਸਿੰਘ ਬਿੱਟੂ, ਹਰਜਿੰਦਰ ਸਿੰਘ ਭਗਤਾ, ਸੇਮੀ ਭਾਈਰੂਪਾ, ਗੁਰਬਿੰਦਰ ਕੌਰ ਭਗਤਾ, ਰਘਵੀਰ ਸਿੰਘ ਕਾਕਾ, ਗੁਰਚਰਨ ਸਿੰਘ ਪੁਰੀ, ਪੁਨੀਤਪਾਲ ਸਿੰਘ ਗੋਲਾ, ਢਾਡੀ ਬਲਵਿੰਦਰ ਸਿੰਘ ਭਗਤਾ ਆਦਿ ਹਾਜਰ ਸਨ।