ਵੱਖ-ਵੱਖ ਇਲਾਕਿਆਂ ਤੇ ਨਰਸਰੀਆਂ ’ਚ ਕੀਤਾ ਗਿਆ ਡੇਂਗੂ ਸਰਵੇ
ਵੱਖ-ਵੱਖ ਇਲਾਕਿਆਂ ਅਤੇ ਨਰਸਰੀਆਂ ਵਿੱਚ ਕੀਤਾ ਗਿਆ ਡੇਂਗੂ ਸਰਵੇ
Publish Date: Fri, 05 Jun 2026 04:13 PM (IST)
Updated Date: Fri, 05 Jun 2026 04:14 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਡਾ. ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਦੀ ਅਗਵਾਈ ਹੇਠ ਹਰ ਸ਼ੁੱਕਰਵਾਰ ਚਲਾਈ ਜਾ ਰਹੀ ‘ਡੇਂਗੂ ਤੇ ਵਾਰ’ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿਚ ਡੇਂਗੂ ਅਤੇ ਮਲੇਰੀਆ ਸਬੰਧੀ ਵਿਸ਼ੇਸ਼ ਸਰਵੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡੇਂਗੂ ਦੀ ਰੋਕਥਾਮ ਅਤੇ ਕਾਬੂ ਲਈ ਵੱਖ-ਵੱਖ ਇਲਾਕਿਆਂ ਅਤੇ ਨਰਸਰੀਆਂ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਸਿਹਤ ਟੀਮਾਂ ਵੱਲੋਂ ਘਰ-ਘਰ ਜਾ ਕੇ ਅਤੇ ਨਰਸਰੀਆਂ ਦੀ ਜਾਂਚ ਕਰਕੇ ਰੁਕੇ ਹੋਏ ਸਾਫ਼ ਅਤੇ ਗੰਦੇ ਪਾਣੀ ਦੀ ਜਾਂਚ ਕੀਤੀ ਗਈ, ਲਾਰਵੇ ਦੀ ਮੌਜੂਦਗੀ ਦੀ ਪੜਤਾਲ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਸਰਵੇ ਦੌਰਾਨ ਜਿਨ੍ਹਾਂ ਘਰਾਂ ਵਿਚ ਡੇਂਗੂ ਦਾ ਲਾਰਵਾ ਮਿਲਿਆ, ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਸਫ਼ਾਈ ਕਰਨ ਲਈ ਕਿਹਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਨੂੰ ਪੂਰੀ ਤਰ੍ਹਾਂ ਰੋਕਣ ਲਈ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਜਾਵੇ ਅਤੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿੱਛੇ ਦਰਦ ਜਾਂ ਚਮੜੀ ‘ਤੇ ਦਾਣੇ ਵਰਗੇ ਡੇਂਗੂ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਵਿੱਚ ਜਾਂਚ ਕਰਵਾਈ ਜਾਵੇ। ਡਾ. ਗੋਇਲ ਨੇ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਸਰਵੇ, ਫਾਗਿੰਗ ਅਤੇ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਹਰ ਸਰਕਾਰੀ ਦਫ਼ਤਰ ਅਤੇ ਘਰ ਵਿੱਚ ਹਰ ਸ਼ੁੱਕਰਵਾਰ ‘ਡਰਾਈ ਡੇ’ ਮਨਾਇਆ ਜਾਵੇ। ਇਸ ਦੌਰਾਨ ਕੂਲਰਾਂ, ਫਰਿੱਜ ਦੀਆਂ ਟਰੇਆਂ, ਪੰਛੀਆਂ ਲਈ ਰੱਖੇ ਪਾਣੀ ਦੇ ਬਰਤਨਾਂ ਅਤੇ ਹੋਰ ਅਜਿਹੀਆਂ ਥਾਵਾਂ ਦੀ ਸਫ਼ਾਈ ਕੀਤੀ ਜਾਵੇ ਜਿੱਥੇ ਪਾਣੀ ਇਕੱਠਾ ਹੋ ਸਕਦਾ ਹੈ। ਘਰਾਂ ਵਿੱਚ ਪਏ ਵਾਧੂ ਕਬਾੜ ਦਾ ਵੀ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਬੁਖਾਰ ਦੀ ਜਾਂਚ ਅਤੇ ਇਲਾਜ ਮੁਫ਼ਤ ਉਪਲਬਧ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।