ਮਾਵਾਂ-ਧੀਆਂ ਸਤਿਕਾਰ ਯੋਜਨਾ' ਦੇ ਫਾਰਮ ਭਰਨ ਲਈ ਲਗਾਇਆ ਵਿਸ਼ੇਸ਼ ਕੈਂਪ
ਮਾਵਾਂ-ਧੀਆਂ ਸਤਿਕਾਰ ਯੋਜਨਾ' ਦੇ ਫਾਰਮ ਭਰਨ ਲਈ ਲਗਾਇਆ ਵਿਸ਼ੇਸ਼ ਕੈਂਪ
Publish Date: Fri, 05 Jun 2026 04:12 PM (IST)
Updated Date: Fri, 05 Jun 2026 04:14 PM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਲਈ ਸ਼ੁਰੂ ਕੀਤੀ ਗਈ ਫਲੈਗਸ਼ਿਪ ਸਕੀਮ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਸੂਬੇ ਭਰ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਲੜੀ ਤਹਿਤ ਅੱਜ ਮੌੜ ਮੰਡੀ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਯੋਗ ਮਹਿਲਾ ਲਾਭਪਾਤਰੀਆਂ ਦੇ 1000 ਅਤੇ 1500 ਵਾਲੇ ਫਾਰਮ ਭਰੇ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਔਰਤਾਂ ਦੀ ਸਹੂਲਤ ਲਈ ਮੌਕੇ ਤੇ ਹੀ ਫਾਰਮ ਭਰਨ ਦੇ ਨਾਲ-ਨਾਲ ਉਨ੍ਹਾਂ ਨੂੰ ਤੁਰੰਤ ਆਨਲਾਈਨ (ਪੋਰਟਲ ਤੇ ਅਪਲੋਡ) ਵੀ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਯੋਗ ਮਾਂ-ਭੈਣ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੀ ਨਾ ਰਹਿ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਐਲਾਨ ਮੁਤਾਬਕ, ਇਸ ਯੋਜਨਾ ਦੇ ਤਹਿਤ ਪਹਿਲੀ ਜੁਲਾਈ 2026 ਤੋਂ ਔਰਤਾਂ ਦੇ ਖਾਤਿਆਂ ਵਿਚ ਸਿੱਧੇ ਪੈਸੇ ਟ੍ਰਾਂਸਫਰ ਹੋਣੇ ਸ਼ੁਰੂ ਹੋ ਜਾਣਗੇ। ਆਮ ਆਦਮੀ ਪਾਰਟੀ ਦੇ ਚੇਅਰਮੈਨ ਰੋਹਿਤ ਕੁਮਾਰ ਵਪਾਰ ਕਮਿਸ਼ਨ ਮੌੜ ਦੀ ਅਗਵਾਈ ਵਿੱਚ ਲਗਾਏ ਗਏ ਕੈਂਪ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ, ਆਂਗਣਵਾੜੀ ਵਰਕਰਾਂ ਅਤੇ ਮਹਿਲਾ ਸਤਿਕਾਰ ਸਖੀਆਂ ਦੀ ਮਦਦ ਨਾਲ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਬੇਹੱਦ ਆਸਾਨ ਬਣਾਇਆ ਗਿਆ। ਇਸ ਮੌਕੇ ਰੋਹਿਤ ਜਿੰਦਲ ਨੇ ਦੱਸਿਆ ਕਿ ਔਰਤਾਂ ਦੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਵੋਟਰ ਆਈਡੀ. ਕਾਰਡ ਅਤੇ ਬੈਂਕ ਖਾਤੇ ਦੀ ਕਾਪੀ ਚੈੱਕ ਕਰਕੇ ਨਾਲੋ-ਨਾਲ ਡਾਟਾ ਆਨਲਾਈਨ ਫੀਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੀਆਂ ਮਾਵਾਂ ਭੈਣਾਂ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿਚ ਸਪਸ਼ਟ ਕੀਤਾ ਹੈ ਕਿ ਸੂਬੇ ਦੀਆਂ ਲਗਭਗ 52 ਲੱਖ ਔਰਤਾਂ ਨੂੰ ਇਸ ਦਾ ਲਾਭ ਮਿਲੇਗਾ ਉਨ੍ਹਾਂ ਮਾਵਾਂ ਭੈਣਾਂ ਨੂੰ ਅਪੀਲ ਕੀਤੀ ਹੈ ਕਿ ਰਜਿਸਟ੍ਰੇਸ਼ਨ ਲਈ ਕਿਸੇ ਤਰ੍ਹਾਂ ਦੀ ਕਾਹਲੀ ਜਾਂ ਪੈਨਿਕ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਦੀ ਕੋਈ ਆਖਰੀ ਤਾਰੀਖ਼ ਨਹੀਂ ਹੈ। ਜੇਕਰ ਕਿਸੇ ਮਹਿਲਾ ਦਾ ਫਾਰਮ ਪ੍ਰਸ਼ਾਸਨਿਕ ਦੇਰੀ ਕਾਰਨ ਜੁਲਾਈ ਤੋਂ ਬਾਅਦ ਵੀ ਵੈਰੀਫਾਈ ਹੁੰਦਾ ਹੈ, ਤਾਂ ਵੀ ਉਸ ਨੂੰ ਪਹਿਲੀ ਜੁਲਾਈ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਬਕਾਇਆ ਇਕੱਠਾ ਦਿੱਤਾ ਜਾਵੇਗਾ। ਇਸ ਕੈਂਪ ਵਿੱਚ ਗੌਤਮ ਜਿੰਦਲ, ਕੇਸ਼ਵ ਗਰਗ, ਵਿਨੋਦ ਕੁਮਾਰ ਅਤੇ ਪਵਨ ਸ਼ਰਮਾ ਨੇ ਕੈਂਪ ਵਿੱਚ ਆਈਆਂ ਮਾਤਾ, ਭੈਣਾਂ ਅਤੇ ਧੀਆਂ ਦੀ ਸਹੂਲਤ ਲਈ ਛਾਂ ਬੈਠਣ ਲਈ ਕੁਰਸੀਆਂ ਅਤੇ ਠੰਡੇ ਪਾਣੀ ਦੀ ਵਿਵਸਥਾ ਕਰਨ ਦੇ ਨਾਲ ਨਾਲ ਫਾਰਮ ਭਰਨ ਵਿੱਚ ਵੀ ਸਹਾਇਤਾ ਕੀਤੀ। ਕੈਂਪਾਂ ਵਿੱਚ ਪਹੁੰਚੀਆਂ ਮਾਵਾਂ-ਭੈਣਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਮਾਸਿਕ ਭੱਤੇ ਨਾਲ ਉਹ ਆਪਣੀਆਂ ਨਿੱਜੀਆਂ ਲੋੜਾਂ, ਬੱਚਿਆਂ ਦੀ ਪੜ੍ਹਾਈ ਅਤੇ ਦਵਾਈਆਂ ਆਦਿ ਦਾ ਖਰਚਾ ਆਸਾਨੀ ਨਾਲ ਚੁੱਕ ਸਕਣਗੀਆਂ।