- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਰਨਕਾਰ ਸਮਾਜ ਦੀ ਏਕਤਾ ਹੀ ਮੇਰੀ ਸਭ ਤੋਂ ਵੱਡੀ ਤਾਕਤ: ਕਰਤਾਰ ਸਿੰਘ ਜੌੜਾ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਵਰਨਕਾਰ ਸੰਘ ਦੇ ਨਵ-ਨਿਯੁਕਤ ਪ੍ਰਧਾਨ ਸਰਦਾਰ ਕਰਤਾਰ ਸਿੰਘ ਜੌੜਾ ਵੱਲੋਂ ਅੱਜ ਬਠਿੰਡਾ ਵਿੱਚ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਚੌਥੀ ਵਾਰ ਸਰਬ-ਸੰਮਤੀ ਨਾਲ ਪ੍ਰਧਾਨ ਚੁਣੇ ਜਾਣ ‘ਤੇ ਸਵਰਨਕਾਰ ਸਮਾਜ ਦਾ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਸੰਘ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਫੁੱਲ ਮਾਲਾਵਾਂ ਪਾ ਕੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਚੌਥੀ ਵਾਰ ਪ੍ਰਧਾਨ ਚੁਣਿਆ ਜਾਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ, ਪਰ ਇਹ ਜਿੱਤ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਸਵਰਨਕਾਰ ਸਮਾਜ ਦੀ ਏਕਤਾ, ਭਰੋਸੇ ਅਤੇ ਸੰਘਰਸ਼ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸਮਾਜ ਨੇ ਜਿਸ ਭਰੋਸੇ ਨਾਲ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ‘ਤੇ ਖਰਾ ਉਤਰਣ ਲਈ ਪੂਰੀ ਇਮਾਨਦਾਰੀ ਤੇ ਲਗਨ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਦੌਰਾਨ ਸਵਰਨਕਾਰ ਸਮਾਜ ਵੱਲੋਂ ਉਨ੍ਹਾਂ ‘ਤੇ ਕੀਤਾ ਗਿਆ ਭਰੋਸਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪੂੰਜੀ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਇਸ ਭਰੋਸੇ ਨੂੰ ਕਦੇ ਟੁੱਟਣ ਨਹੀਂ ਦਿੱਤਾ ਜਾਵੇਗਾ ਅਤੇ ਹਰ ਮੈਂਬਰ ਦੇ ਹਿੱਤਾਂ ਦੀ ਰੱਖਿਆ ਪਹਿਲ ਦੇ ਆਧਾਰ ’ਤੇ ਕੀਤੀ ਜਾਵੇਗੀ। ਭਵਿੱਖ ’ਚ ਸੰਘ ਦਾ ਮੁੱਖ ਧਿਆਨ ਨੌਜਵਾਨ ਸਵਰਨਕਾਰਾਂ ਨੂੰ ਇਕੱਠਾ ਕਰਨ, ਉਨ੍ਹਾਂ ਨੂੰ ਵਧੀਆ ਟ੍ਰੇਨਿੰਗ ਮੁਹੱਈਆ ਕਰਵਾਉਣ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ‘ਤੇ ਰਹੇਗਾ। ਸਰਕਾਰ ਅੱਗੇ ਸਮਾਜ ਦੀਆਂ ਸਮੱਸਿਆਵਾਂ ਨੂੰ ਡੱਟ ਕੇ ਉਠਾਇਆ ਜਾਵੇਗਾ, ਤਾਂ ਜੋ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਵਰਨਕਾਰ ਸੰਘ ਹਮੇਸ਼ਾਂ ਆਪਣੇ ਹਰ ਮੈਂਬਰ ਦੇ ਨਾਲ ਖੜ੍ਹਾ ਰਹੇਗਾ, ਚਾਹੇ ਖੁਸ਼ੀ ਦਾ ਸਮਾਂ ਹੋਵੇ ਜਾਂ ਮੁਸ਼ਕਲ ਦੀ ਘੜੀ। ਸਮਾਜ ਦੀ ਇਕਜੁਟਤਾ ਨੂੰ ਹੋਰ ਮਜ਼ਬੂਤ ਕਰਨਾ ਹੀ ਉਨ੍ਹਾਂ ਦਾ ਮੁੱਖ ਲਕਸ਼ ਹੈ। ਇਸ ਮੌਕੇ ਉਨ੍ਹਾਂ ਨੇ ਸੰਘ ਦੇ ਹੋਰ ਅਹੁਦੇਦਾਰ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ ਜਨਰਲ ਸਕੱਤਰ ਮੁਖਤਿਆਰ ਸਿੰਘ ਸੋਨੀ ਅਤੇ ਖਜਾਂਚੀ ਬਲਵਿੰਦਰ ਕੁਮਾਰ ਸਰਰਾਫ ਦੇ ਨਾਲ ਮਿਲ ਕੇ ਇਕ ਮਜ਼ਬੂਤ ਟੀਮ ਵਜੋਂ ਸਮਾਜ ਦੀ ਸੇਵਾ ਕੀਤੀ ਜਾਵੇਗੀ। ਅੰਤ ’ਚ ਸੰਘ ਦੇ ਮੈਂਬਰਾਂ ਵੱਲੋਂ ਕਰਤਾਰ ਸਿੰਘ ਜੌੜਾ ਦਾ ਭਰਪੂਰ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਹੀ ਸੰਘ ਲਗਾਤਾਰ ਅੱਗੇ ਵੱਧ ਰਿਹਾ ਹੈ ਅਤੇ ਅੱਗੇ ਵੀ ਇਸੇ ਤਰ੍ਹ ਏਕਤਾ ਬਣੀ ਰਹੇਗੀ। ਇਸ ਮੌਕੇ ਸੰਘ ਦੇ ਰਾਜ ਸਕੱਤਰ ਰਜਿੰਦਰ ਸਿੰਘ ਖੁਰਮੀ, ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਕੁੱਕੂ, ਸ਼ਹਿਰੀ ਪ੍ਰਧਾਨ ਭੋਲਾ ਸਿੰਘ ਸਦਿਯੌੜਾ, ਸ਼ਹਿਰੀ ਮਹਾਂ ਸਕੱਤਰ ਹਰਸ਼ ਭੋਲਾ (ਸੰਜੇ), ਸਕੱਤਰ ਹਰਿੰਦਰ ਜੌੜਾ ਆਦਿ ਹਾਜ਼ਰ ਸਨ।