ਖੂਹ ਕਮੇਟੀ ਭਗਤਾ ਵੱਲੋਂ ਫਾਇਰ ਬ੍ਰਿਗੇਡ ਸੇਵਾ ਸ਼ੁਰੂ
ਖੂਹ ਕਮੇਟੀ ਭਗਤਾ ਨੇ 12 ਲੱਖ ਦੀ ਲਾਗਤ ਵਾਲੀ ਫਾਇਰ ਬ੍ਰਿਗੇਡ ਸ਼ੁਰੂ ਕੀਤੀ
Publish Date: Sun, 05 Apr 2026 06:39 PM (IST)
Updated Date: Mon, 06 Apr 2026 04:08 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਭਗਤਾ ਭਾਈਕਾ ਦੀ ਖੂਹ ਕਮੇਟੀ ਵੱਲੋਂ ਨਗਰ ਨਿਵਾਸੀਆਂ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਫਾਇਰ ਬ੍ਰਿਗੇਡ ਦੀ ਸੁਰੂਆਤ ਕੀਤੀ ਗਈ, ਇਹ ਫਾਇਰ ਬ੍ਰਿਗੇਡ ਅੱਗ ਲੱਗਣ ਦੀਆਂ ਘਟਨਾਵਾਂ ਸਮੇਂ ਲੋੜਵੰਦ ਲੋਕਾਂ ਦੀ ਮਦਦ ਦਾ ਯਤਨ ਕਰੇਗੀ। ਜ਼ਿਕਰਯੋਗ ਹੈ ਸਥਾਨਕ ਸ਼ਹਿਰ ਵਿਖੇ ਸੇਵਾ ਭਾਵਨਾ ਦੀ ਇਕ ਵੱਖਰੀ ਮਿਸਾਲ ਦੇਖਣ ਨੂੰ ਮਿਲੀ, ਜਿੱਥੇ ਦਾਨੀ ਸੱਜਣਾਂ ਅਤੇ ਵਿਦੇਸ਼ਾਂ 'ਚ ਵਸਦੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਫਾਇਰ ਬ੍ਰਿਗੇਡ ਦੀ ਗੱਡੀ ਨਗਰ ਨਿਵਾਸੀਆਂ ਨੂੰ ਸਮਰਪਿਤ ਕੀਤੀ ਗਈ। ਅੱਗ ਲੱਗਣ ਦੀ ਘਟਨਾ ਸਮੇਂ ਸੰਪਰਕ ਕਰਨ ਲਈ ਖੂਹ ਕਮੇਟੀ ਵੱਲੋਂ ਕੁਝ ਸੰਪਰਕ ਨੰਬਰ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 78146-73300, 98155-02420 ਤੇ ਲੋੜ ਸਮੇਂ ਸੰਪਰਕ ਕੀਤਾ ਜਾਂ ਸਕਦਾ ਹੈ। ਇਸ ਮਹੱਤਵਪੂਰਨ ਉਪਰਾਲੇ ਦੀ ਖਾਸ ਗੱਲ ਇਹ ਰਹੀ ਕਿ ਇਸ ਲਈ ਕਿਸੇ ਵੀ ਸਰਕਾਰੀ ਮਦਦ ਦੀ ਉਡੀਕ ਨਹੀਂ ਕੀਤੀ ਗਈ, ਸਗੋਂ ਲੋਕਾਂ ਨੇ ਆਪਣੇ ਪੱਧਰ 'ਤੇ ਹੀ ਪੈਸਾ ਇਕੱਠਾ ਕਰਕੇ ਇਹ ਕਾਰਜ ਸੰਪੰਨ ਕੀਤਾ। ਨਗਰ ਦੇ ਲੋਕਾਂ ਨੇ ਮਿਲਜੁਲ ਕੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਮਨ 'ਚ ਇਰਾਦਾ ਹੋਵੇ ਤਾਂ ਕੋਈ ਵੀ ਵੱਡਾ ਕੰਮ ਮੁਸ਼ਕਲ ਨਹੀਂ ਹੁੰਦਾ। ਅੱਜ ਇਕ ਛੋਟੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਸ ਗੱਡੀ ਨੂੰ ਨਗਰ ਨੂੰ ਭੇਟ ਕੀਤੀ ਗਈ ਹੈ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਸਮੇਂ ਸਿਰ ਮਦਦ ਨਾ ਮਿਲਣ ਕਾਰਨ ਵੱਡਾ ਨੁਕਸਾਨ ਹੋ ਜਾਂਦਾ ਹੈ। ਪਰ ਹੁਣ ਇਸ ਫਾਇਰ ਬਰਗੇਡ ਦੀ ਗੱਡੀ ਨਾਲ ਨਗਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਅੱਗ ਵਰਗੀਆਂ ਆਫਤਾਂ ਦਾ ਤੁਰੰਤ ਮੁਕਾਬਲਾ ਕੀਤਾ ਜਾ ਸਕੇਗਾ। ਉਨ੍ਹਾਂ ਨੇ ਦਾਨੀ ਸੱਜਣਾਂ ਅਤੇ ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਹੋਰ ਨਗਰਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗਾ। ਇਸ ਮੌਕੇ ਹਾਜ਼ਰ ਲੋਕਾਂ ਨੇ ਵੀ ਇਸ ਕਦਮ ਦੀ ਭਰਪੂਰ ਸਰਾਹਨਾ ਕੀਤੀ ਅਤੇ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਲੋਕ-ਹਿੱਤ ਕਾਰਜਾਂ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਖਜਿੰਦਰ ਸਿੰਘ ਖਾਨਦਾਨ, ਸਤਵਿੰਦਰਪਾਲ ਸਿੰਘ ਪਿੰਦਰ, ਅਵਤਾਰ ਸਿੰਘ ਤਾਰੀ, ਦਰਸ਼ਨ ਸਿੰਘ ਵੜਿੰਗ, ਵਿੱਕੀ ਸਿੱਧੂ, ਸੁਖਚੈਨ ਸਿੰਘ ਖਾਲਸਾ, ਜਗਸੀਰ ਸਿੰਘ ਪੰਨੂੰ, ਰਾਮ ਸਿੰਘ, ਕੁਲਵੰਤ ਸਿੰਘ, ਇਕਬਾਲ ਸਿੰਘ, ਜਸਪ੍ਰੀਤ ਸਿੰਘ ਬੂਟਾ, ਸੁਖਦੇਵ ਸਿੰਘ ਸੁੱਖੀ, ਤਰਸੇਮ ਸਿੰਘ, ਬਲਵਿੰਦਰ ਸਿੰਘ, ਇਕੱਤਰ ਸਿੰਘ ਫੌਜੀ, ਜੁਗਰਾਜ ਸਿੰਘ ਅਤੇ ਹਰਜਿੰਦਰ ਸਿੰਘ ਸਮੇਤ ਹੋਰ ਵਿਅਕਤੀ ਹਾਜ਼ਰ ਸਨ।