ਜਗ੍ਹਾ ਸਬੰਧੀ ਪੰਚਾਇਤ ਤੇ ਪੁਲਿਸ ਵਿਚਾਲੇ ਤਕਰਾਰ, ਸੌ ਤੋਂ ਵੱਧ ਲੋਕਾਂ ’ਤੇ ਕੇਸ
ਜਗ੍ਹਾ ਨੂੰ ਲੈ ਕੇ ਪੰਚਾਇਤ ਤੇ ਪੁਲਿਸ ਵਿਚ ਟਕਰਾਅ, ਪਿੰਡ ਦੇ 100 ਤੋਂ ਵੱਧ ਲੋਕਾਂ ’ਤੇ ਕੇਸ ਦਰਜ
Publish Date: Sat, 04 Apr 2026 06:18 PM (IST)
Updated Date: Sun, 05 Apr 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਿੰਡ ਬਾਲਿਆਂਵਾਲੀ ਵਿੱਚ ਥਾਣੇ ਨੇੜੇ ਖਾਲੀ ਜ਼ਮੀਨ ਨੂੰ ਲੈ ਕੇ ਪੰਚਾਇਤ ਤੇ ਪੁਲਿਸ ਵਿਚ ਟਕਰਾਅ ਦਾ ਮਾਮਲਾ ਸਾਹਮਣੇ ਆਇਆ ਹੈ। 31 ਮਾਰਚ ਨੂੰ ਪੰਚਾਇਤ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਦੇ ਥਾਣੇ ਪਹੁੰਚਣ ਨਾਲ ਵਿਵਾਦ ਵੱਧ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਗੰਭੀਰ ਮੰਨਦਿਆਂ ਕੇਸ ਦਰਜ ਕਰ ਲਿਆ। ਜਾਣਕਾਰੀ ਮੁਤਾਬਕ ਸਰਪੰਚ ਸੁਖਪਾਲ ਕੌਰ ਦੀ ਅਗਵਾਈ ਵਿੱਚ ਪਿੰਡ ਵਾਸੀ ਥਾਣਾ ਨਾਲ ਪਈ ਜ਼ਮੀਨ ’ਤੇ ਕਬਜ਼ਾ ਲੈਣ ਲਈ ਪਹੁੰਚੇ ਸਨ। ਪੁਲਿਸ ਨੇ ਉਨ੍ਹਾਂ ਨੂੰ ਥਾਣੇ ਦੇ ਬਾਹਰ ਹੀ ਰੋਕ ਲਿਆ, ਜਿਸ ਤੋਂ ਬਾਅਦ ਦੋਵੇਂ ਪੱਖਾਂ ’ਚ ਤਕਰਾਰ ਹੋਈ ਅਤੇ ਮਾਮਲਾ ਧੱਕਾ-ਮੁੱਕੀ ਤਕ ਪਹੁੰਚ ਗਿਆ।
ਪੁਲਿਸ ਦਾ ਦੋਸ਼ ਹੈ ਕਿ ਭੀੜ ਨੇ ਥਾਣੇ ਦਾ ਘਿਰਾਓ ਕਰਕੇ ਅੰਦਰ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਅਤੇ ਸਰਕਾਰੀ ਕੰਮ ’ਚ ਰੁਕਾਵਟ ਪਾਈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸਰਪੰਚ ਸਮੇਤ 100 ਤੋਂ ਵੱਧ ਲੋਕਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਅਜੇ ਤਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਉੱਧਰ ਪੰਚਾਇਤ ਦਾ ਕਹਿਣਾ ਹੈ ਕਿ ਵਿਵਾਦਿਤ ਜ਼ਮੀਨ “ਲਾਲ ਲਕੀਰ” ਦੇ ਅੰਦਰ ਆਉਂਦੀ ਹੈ ਤੇ ਇਹ ਪੰਚਾਇਤ ਦੀ ਸੰਪਤੀ ਹੈ, ਜਿਸ ‘ਤੇ ਪਿੰਡ ਦੇ ਹਿੱਤ ਵਿੱਚ ਨਿਰਮਾਣ ਕਰਨ ਦੀ ਯੋਜਨਾ ਬਣਾਈ ਗਈ ਸੀ।ਡੀਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਵੇਲੇ ਜ਼ਮੀਨ ‘ਤੇ ਪੁਲਿਸ ਦਾ ਕਬਜ਼ਾ ਹੈ। ਜੇਕਰ ਪੰਚਾਇਤ ਆਪਣਾ ਦਾਅਵਾ ਪੇਸ਼ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਸਬੰਧਤ ਵਿਭਾਗਾਂ ਦੇ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਪੁਲਿਸ ਮੁਤਾਬਕ ਸਰਪੰਚ ਸੁਖਪਾਲ ਕੌਰ ਸਮੇਤ ਕਈ ਨਾਮਜ਼ਦ ਵਿਅਕਤੀਆਂ ਤੇ 50–60 ਅਣਪਛਾਤੇ ਲੋਕਾਂ ਨੇ ਥਾਣੇ ਦਾ ਘਿਰਾਓ ਕਰਕੇ ਹਥਿਆਰਾਂ ਨਾਲ ਡਿਊਟੀ ਵਿੱਚ ਰੁਕਾਵਟ ਪਾਈ। ਪੁਲਿਸ ਮਾਮਲੇ ਦੀ ਜਾਂਚ ਜਾਰੀ ਹੈ। ਦੂਜੇ ਪਾਸੇ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਪੁਲਿਸ ਦੀ ਸਾਰੀ ਕਹਾਣੀ ਝੂਠੀ ਹੈ। ਉਨ੍ਹਾਂ ਆਪਣਾ ਹੱਕ ਲੈਣ ਲਈ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਸੀ।