ਡੀਏ ਤੇ ਆਉਟਸੋਰਸ ਮੁਲਾਜ਼ਮਾਂ ਦੇ ਮਸਲਿਆਂ ਬਾਰੇ ਕਨਵੈਨਸ਼ਨ ਅੱਜ
ਡੀਏ ਅਤੇ ਆਉਟਸੋਰਸ ਕਰਮਚਾਰੀਆਂ ਦੇ ਮਸਲਿਆਂ ਨੂੰ ਲੈ ਕੇ ਅੱਜ ਕਨਵੈਨਸ਼ਨ
Publish Date: Sat, 04 Apr 2026 05:34 PM (IST)
Updated Date: Sun, 05 Apr 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : 5 ਅਪ੍ਰੈਲ ਨੂੰ ਹੋਣ ਵਾਲੀ ਕਨਵੈਨਸ਼ਨ ਨੂੰ ਲੈ ਕੇ ਮੁਲਾਜ਼ਮਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿੱਚ ਡੀਏ (ਮਹਿੰਗਾਈ ਭੱਤਾ) ਸਬੰਧੀ ਦਾਖ਼ਲ ਕੀਤੇ ਗਏ ਹਲਫਨਾਮੇ ਨੂੰ ਲੈ ਕੇ ਕਰਮਚਾਰੀਆਂ ਵਿੱਚ ਨਾਰਾਜ਼ਗੀ ਵਧਦੀ ਜਾ ਰਹੀ ਹੈ। ਕਰਮਚਾਰੀਆਂ ਦਾ ਦੋਸ਼ ਹੈ ਕਿ ਸਰਕਾਰ ਨੇ ਉਨ੍ਹਾਂ ਦੇ ਹਿੱਤਾਂ ਦੇ ਖ਼ਿਲਾਫ਼ ਰੁਖ਼ ਅਪਣਾਇਆ ਹੈ ਅਤੇ ਵੱਖ-ਵੱਖ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਕਰਮਚਾਰੀ ਸੰਗਠਨਾਂ ਨੇ ਕਿਹਾ ਕਿ ਡੀਏ ਤੇ ਆਉਟਸੋਰਸ ਮੁਲਾਜ਼ਮਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਇਸ ਕਨਵੈਨਸ਼ਨ ਵਿੱਚ ਅਹਿਮ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਨਾਲ ਹੀ ਰਿਟਾਇਰਡ ਅਤੇ ਮੌਜੂਦਾ ਕਰਮਚਾਰੀਆਂ ਦੇ ਪੰਜਾਬ ਪੱਧਰ ਦੇ ਪ੍ਰਧਾਨਾਂ ਦੀ ਚੋਣ ਵੀ ਕੀਤੀ ਜਾਵੇਗੀ। ਇਸ ਸਬੰਧੀ ਨਿਗਮ ਬਠਿੰਡਾ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਕੌਂਸਲਾਂ ਦੀ ਇਕ ਮੀਟਿੰਗ ਕਰਵਾਈ ਗਈ, ਜਿਸ ਵਿੱਚ 5 ਅਪ੍ਰੈਲ ਨੂੰ ਨਗਰ ਕੌਂਸਲ ਹੰਡਿਆਇਆ ਵਿੱਚ ਹੋਣ ਵਾਲੀ ਇਕੱਠ ਨੂੰ ਕਾਮਯਾਬ ਬਣਾਉਣ ‘ਤੇ ਵਿਚਾਰ ਕੀਤਾ ਗਿਆ। ਮੀਟਿੰਗ ’ਚ ਖੇਤਰੀ ਪ੍ਰਧਾਨ ਰਵਿੰਦਰ ਸਿੰਘ ਚੀਮਾ, ਭੋਲਾ ਸਿੰਘ, ਰਣਜੀਤ ਸਿੰਘ, ਰਣਵੀਰ ਸਿੰਘ, ਜਸਪਾਲ ਸਿੰਘ ਮਾਂਖੇੜਾ, ਬਿਕਰ ਸਿੰਘ ਸੰਗਤ ਮੰਡੀ ਤੇ ਸੀਤਾ ਰਾਮ ਗੋਨਿਆਣਾ ਸਮੇਤ ਕਈ ਨੁਮਾਇੰਦਿਆਂ ਨੇ ਹਿੱਸਾ ਲਿਆ। ਸਭ ਆਗੂਆਂ ਨੇ ਸਥਾਨਕ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ 5 ਅਪ੍ਰੈਲ ਦੀ ਕਨਵੈਨਸ਼ਨ ਵਿੱਚ ਪਹੁੰਚ ਕੇ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕਰਨ।