ਭੱਠਾ ਮਜ਼ਦੂਰਾਂ ਨੇ ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚਿਤਾਵਨੀ
ਭੱਠਾ ਮਜ਼ਦੂਰਾਂ ਵੱਲੋਂ ਮੰਗਾਂ ਮਨਵਾਉਣ ਲਈ ਨਾਅਰੇਬਾਜ਼ੀ, ਸੰਘਰਸ਼ ਤੇੇਜ ਕਰਨ ਦੀ ਦਿੱਤੀ ਚੇਤਾਵਨੀ
Publish Date: Sat, 04 Apr 2026 05:10 PM (IST)
Updated Date: Sun, 05 Apr 2026 04:04 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਭੱਠਾ ਮਜ਼ਦੂਰ ਯੂਨੀਅਨ ਬਲਾਕ ਰਾਮਪੁਰਾ ਵੱਲੋਂ ਪ੍ਰਧਾਨ ਜ਼ੋਰਾ ਸਿੰਘ ਫੂਲ ਦੀ ਅਗਵਾਈ ਹੇਠ ਫੂਲ ਕਿਸਨ ਵਾਲੇ ਭੱਠੇ ‘ਤੇ ਇੱਕ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਇਲਾਕਾ ਰਾਮਪੁਰਾ ਦੇ ਵੱਖ-ਵੱਖ ਭੱਠਿਆਂ ਨਾਲ ਸਬੰਧਿਤ ਮਜ਼ਦੂਰ ਵੱਡੀ ਗਿਣਤੀ ’ਚ ਸ਼ਾਮਲ ਹੋਏ ਅਤੇ ਆਪਣੀਆਂ ਸਮੱਸਿਆਵਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਪ੍ਰਧਾਨ ਜ਼ੋਰਾ ਸਿੰਘ ਫੂਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਭੱਠਾ ਮਾਲਕਾਂ ਖ਼ਿਲਾਫ਼ ਧਰਨਾ ਦਿੱਤਾ ਸੀ। ਉਸ ਦੌਰਾਨ ਮਾਲਕਾਂ ਵੱਲੋਂ ਇੱਕ ਮੰਗ ਮੰਨਦੇ ਹੋਏ ਕੱਚੀਆਂ ਇੱਟਾਂ ਦੀ ਟਰਾਲੀ ਭਰਨ ਦੇ ਰੇਟ ਵਿੱਚ 40 ਰੁਪਏ ਪ੍ਰਤੀ ਹਜ਼ਾਰ ਦਾ ਵਾਧਾ ਕਰਕੇ ਇਸ ਨੂੰ 240 ਰੁਪਏ ਪ੍ਰਤੀ ਹਜ਼ਾਰ ਕੀਤਾ ਸੀ, ਜਦਕਿ ਡੀਸੀ ਦਫਤਰ ਬਠਿੰਡਾ ਵੱਲੋਂ 312 ਰੁਪਏ ਪ੍ਰਤੀ ਹਜ਼ਾਰ ਦਾ ਰੇਟ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਬਾਕੀ ਰਹਿੰਦੀਆਂ ਮੰਗਾਂ ਬਾਰੇ ਕਈ ਵਾਰ ਗੱਲਬਾਤ ਕਰਨ ਦੇ ਬਾਵਜੂਦ ਭੱਠਾ ਮਾਲਕਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਮਸ਼ੀਨ ਨਾਲ ਗਾਰਾ ਤਿਆਰ ਕਰਨ ਦੇ ਨਾਂ ‘ਤੇ ਮਜ਼ਦੂਰਾਂ ਤੋਂ ਪ੍ਰਤੀ ਹਜ਼ਾਰ ਇੱਟ 225 ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ, ਜੋ ਸਿੱਧੀ ਅੰਨੀ ਲੁੱਟ ਹੈ ਅਤੇ ਇਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿੱਚ ਮਜ਼ਦੂਰਾਂ ਨੇ ਇਹ ਵੀ ਮੰਗ ਕੀਤੀ ਕਿ ਭੱਠਿਆਂ ’ਤੇ ਸਾਫ ਪੀਣ ਵਾਲੇ ਪਾਣੀ, ਪਖ਼ਾਨਿਆਂ ਅਤੇ ਰਹਿਣ ਲਈ ਕੋਠਿਆਂ ਦਾ ਪ੍ਰਬੰਧ ਕੀਤਾ ਜਾਵੇ। ਮਜ਼ਦੂਰਾਂ ਨੂੰ ਵਰਦੀਆਂ ਅਤੇ ਅਜੌਰਾਂ ਦੀ ਭੁਗਤਾਨੀ ਯਕੀਨੀ ਬਣਾਈ ਜਾਵੇ। ਯੂਨੀਅਨ ਨੇ ਇਹ ਵੀ ਮੰਗ ਉਠਾਈ ਕਿ ਭੱਠਾ ਮਾਲਕਾਂ ਦੇ ਕੁੱਲ ਮੁਨਾਫੇ ਵਿੱਚੋਂ ਮਜ਼ਦੂਰਾਂ ਨੂੰ 50 ਫੀਸਦੀ ਬੋਨਸ ਦਿੱਤਾ ਜਾਵੇ, ਜਦਕਿ ਇਸ ਵੇਲੇ ਕੇਵਲ 14 ਫੀਸਦੀ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਕਿਰਤ ਕਾਨੂੰਨਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਜਿਸ ਨਾਲ ਮਜ਼ਦੂਰ ਵਰਗ ਨੁਕਸਾਨ ਝੱਲ ਰਿਹਾ ਹੈ। ਇਸ ਮੌਕੇ ਮੀਤ ਪ੍ਰਧਾਨ ਜਗਸੀਰ ਸਿੰਘ, ਸਕੱਤਰ ਜਰਨੈਲ ਸਿੰਘ, ਕੁੱਕੂ ਸਿੰਘ, ਜਗਦੀਸ਼ ਸਿੰਘ, ਬੇਅੰਤ ਸਿੰਘ ਫੂਲੇਵਾਲਾ, ਬਾਦਲ ਸਿੰਘ, ਜਗਤਾਰ ਸਿੰਘ, ਮੱਖਣ ਸਿੰਘ, ਭੋਲਾ ਸਿੰਘ, ਮੱਗੂ ਸਿੰਘ, ਬਿੰਦਰ ਸਿੰਘ, ਹਰਦੀਪ ਸਿੰਘ ਸਮੇਤ ਹੋਰ ਹਾਜ਼ਰ ਸਨ।