ਵਿਦਿਆਰਥੀਆਂ ਸੰਦੀਪ ਤੇ ਅਸ਼ਵਨੀ ਨੇ ਜਿੱਤਿਆ ਜੀਕੇਯੂ ਦਾ ਕੁਇਜ਼ ਮੁਕਾਬਲਾ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਮੀਡੀਆ ਪਲਾਨਿੰਗ ਵੱਲੋਂ ਇੰਟਰ-ਫੈਕਲਟੀ ਸੁਆਲ-ਜੁਆਬ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਐੱਸਡੀਐੱਮ ਤਲਵੰਡੀ ਸਾਬੋ ਰਾਜੇਸ਼ ਸ਼ਰਮਾ (ਪੀਸੀਐੱਸ.) ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ, ਜਦਕਿ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਧੀਮਾਨ, ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ, ਡਾਇਰੈਕਟਰ ਐਕਸਟੈਸ਼ਨ ਡਾ. ਜਗਦੀਸ ਗਰੋਵਰ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰ ਅਤੇ ਲਗਭਗ 300 ਵਿਦਿਆਰਥੀਆਂ ਹਾਜ਼ਰ ਸਨ। ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਐੱਸਡੀਐੱਮ ਤਲਵੰਡੀ ਸਾਬੋ ਨੇ ਆਯੋਜਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੁਕਾਬਲੇ ਦੇ ਇਸ ਯੁੱਗ ਵਿੱਚ ਆਲੇ-ਦੁਆਲ਼ੇ ਅਤੇ ਚਲੰਤ ਮਾਮਲਿਆਂ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਹੋਣਾ ਜ਼ਰੂਰੀ ਹੈ। ਅਜਿਹੇ ਉਪਰਾਲੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਉਹਨਾਂ ਦੇ ਵਿਅਕਤੀਗਤ ਵਿਕਾਸ ਵਿੱਚ ਸਹਾਈ ਹੁੰਦੇ ਹਨ। ਉਹਨਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਆਪਣੇ ਟੀਚੇ ਹੋਰ ਉੱਚੇ ਕਰਨ ਲਈ ਪ੍ਰੇਰਿਆ।
ਇਸ ਦੌਰਾਨ ਵਾਈਸ ਚਾਂਸਲਰ ਡਾ. ਧੀਮਾਨ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਵਿੱਚ ਸਹਾਈ ਹੁੰਦੇ ਹਨ ਤੇ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ-ਨਾਲ ਚਲੰਤ ਮਾਮਲਿਆਂ ਸਬੰਧੀ ਰਸਾਲੇ ਅਤੇ ਅਖ਼ਬਾਰਾਂ ਪੜਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵਰਸਿਟੀ ਲੋਕ ਸੇਵਾ ਕਮਿਸ਼ਨ ਵੱਲੋਂ ਕਰਵਾਈਆਂ ਜਾਂਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਕੋਚਿੰਗ ਅਤੇ ਮਾਰਗ ਦਰਸ਼ਨ ਮੁਹੱਈਆ ਕਰਵਾ ਰਹੀ ਹੈ। ਕੁਇਜ਼ ਮੁਕਾਬਲੇ ਦੇ ਨਤੀਜਿਆਂ ਬਾਰੇ ਦਸੱਦਿਆਂ ਡਾਇਰੈਕਟਰ ਮੀਡੀਆ ਪਲਾਨਿੰਗ ਰਾਜੀਵ ਅਰੋੜਾ ਨੇ ਦੱਸਿਆ ਕਿ ਇਹ ਮੁਕਾਬਲਾ ਦੋ ਪੜਾਵਾਂ ਵਿੱਚ ਕਰਵਾਇਆ ਗਿਆ। ਪਹਿਲੇ ਪੜਾਅ ਦੇ ਲਿਖਤ ਮੁਕਾਬਲੇ ਵਿੱਚ ਵਰਸਿਟੀ ਦੀਆਂ 13 ਫੈਕਲਟੀਆਂ ਦੇ 28 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ 10 ਵਿਦਿਆਰਥੀ ਦੂਜੇ ਪੜਾਅ ਲਈ ਚੁਣੇ ਗਏ।
5 ਟੀਮਾਂ ਦੇ ਸਖ਼ਤ ਮੁਕਾਬਲੇ ਵਿੱਚ ਡਿਪਾਰਟਮੈਂਟ ਆਫ਼ ਆਰਟਸ ਐਂਡ ਹਿਉਮੈਨਟੀਜ਼ ਦੇ ਵਿਦਿਆਰਥੀਆਂ ਸੰਦੀਪ ਕੌਰ ਅਤੇ ਅਸ਼ਵਨੀ ਕੁਮਾਰ ਨੇ ਪਹਿਲਾਂ ਸਥਾਨ ਹਾਸਲ ਕੀਤਾ। ਜਦ ਕਿ ਡਿਪਾਰਟਮੈਂਟ ਆਫ਼ ਸਾਇੰਸਜ਼ ਦੇ ਵਿਦਿਆਰਥੀ ਸਾਹਿਲ ਸ਼ੁਕਲਾ ਅਤੇ ਹਰਸ਼ਰਨ ਦੀ ਟੀਮ ਨੇ ਰਨਰ-ਅੱਪ ਟਰਾਫ਼ੀ ਜਿੱਤੀ। ਆਯੋਜਕਾਂ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਅਤੇ ਜੇਤੂਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਲਵਲੀਨ ਸੱਚਦੇਵਾ ਅਤੇ ਟਾਈਮ ਕੀਪਰ ਦੀ ਜ਼ਿੰਮੇਵਾਰੀ ਪਰਮਜੀਤ ਕੌਰ ਨੇ ਨਿਭਾਈ। ਮਨਪ੍ਰੀਤ ਕੌਰ ਦਾ ਸਮੂਹ ਪ੍ਰਬੰਧਨ ਸ਼ਲਾਘਾਯੋਗ ਰਿਹਾ।