ਹਨੂੰਮਾਨ ਜੈਅੰਤੀ ’ਤੇ ਕੀਤਾ ਬਾਲਾ ਜੀ ਦਾ ਗੁਣਗਾਨ
ਸ੍ਰੀ ਹਨੂੰਮਾਨ ਜੈਯੰਤੀ ਤੇ ਬਾਲਾ ਜੀ ਦਾ ਸੰਕੀਰਤਨ ਕੀਤਾ
Publish Date: Fri, 03 Apr 2026 06:00 PM (IST)
Updated Date: Sat, 04 Apr 2026 04:07 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਸਥਾਨਕ ਮੰਡੀ ਦੇ ਸਿੱਧ ਪੀਠ ਪ੍ਰਾਚੀਨ ਹਨੂੰਮਾਨ ਮੰਦਰ ਡੇਰਾ ਬਾਬਾ ਨਿੱਕੂ ਰਾਮ ਜੀ ਵਿਖੇ ਗੱਦੀਨਸ਼ੀਨ ਸੰਤ ਰਮੇਸ਼ ਮੁਨੀ ਜੀ ਦੀ ਅਸੀਮ ਕ੍ਰਿਪਾ ਨਾਲ ਹਨੂੰਮਾਨ ਜੀ ਦਾ ਜਨਮ ਉਤਸਵ ਬਹੁਤ ਹੀ ਧੂਮਧਾਮ ਨਾਲ ਮਨਾਇਆ ਤੇ ਬਾਲਾ ਜੀ ਦਾ ਕੀਰਤਨ ਕਰਵਾਇਆ। ਕੀਰਤਨ ’ਚ ਭਜਨ ਗਾਇਕ ਪ੍ਰਦੀਪ ਮਸਤੀ ਅਤੇ ਪੂਨਮ ਅਗਰਵਾਲ ਵਲੋਂ ਬਹੁਤ ਹੀ ਖੂਬਸੂਰਤ ਭਜਨ ਗਾ ਕੇ ਭਗਤਾਂ ਨੂੰ ਆਪ ਮੁਹਾਰੇ ਨੱਚਣ ਲਾ ਦਿੱਤਾ। ਸੰਤ ਰਮੇਸ਼ ਮੁਨੀ ਜੀ ਤੇ ਸੰਤ ਕੈਲਾਸ਼ ਮੁਨੀ ਜੀ ਨੇ ਸੰਗਤਾਂ ਨੂੰ ਹਨੂੰਮਾਨ ਜੈਅੰਤੀ ਦੀਆਂ ਵਧਾਈਆਂ ਦਿੰਦਿਆਂ ਦੱਸਿਆ ਕਿ ਹਨੂੰਮਾਨ ਜੀ ਭਗਵਾਨ ਸ਼ਿਵ ਦੇ ਅਵਤਾਰ ਹਨ ਤੇ ਉਨ੍ਹਾਂ ਨੇ ਤ੍ਰੇਤਾਯੁਗ ’ਚ ਭਗਵਾਨ ਸ਼੍ਰੀ ਰਾਮ ਦੀ ਮਦਦ ਲਈ ਇਹ ਅਵਤਾਰ ਲਿਆ ਸੀ। ਉਹ ਭਗਵਾਨ ਸ਼ਿਵ ਦਾ ਬਹੁਤ ਵੱਡਾ ਭਗਤ ਹੈ। ਚਾਹੇ ਮਾਂ ਸੀਤਾ ਦੀ ਖੋਜ ਹੋਵੇ, ਸੰਜੀਵਨੀ ਜੜੀ-ਬੂਟੀ ਲਿਆਉਣਾ ਹੋਵੇ ਜਾਂ ਭਗਵਾਨ ਰਾਮ ਤੇ ਲਕਸ਼ਮਣ ਨੂੰ ਨਾਗਪਾਸ਼ ਤੋਂ ਮੁਕਤ ਕਰਨਾ ਹੋਵੇ, ਵੀਰ ਬਜਰੰਗ ਬਲੀ ਨੇ ਇਹ ਸਭ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਸੰਕਟਮੋਚਨ ਵੀ ਕਿਹਾ ਜਾਂਦਾ ਹੈ। ਇਸ ਮੌਕੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਬੱਲ੍ਹੇ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਤੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਭਗਤਾਂ ਲਈ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੰਤ ਰਵਿੰਦਰ ਮੁਨੀ ਜੀ, ਮਹੰਤ ਨੌਮੀ ਦਾਸ, ਸੰਤ ਰਤਨ ਮੁਨੀ ਜੀ, ਸੰਤ ਰਾਜ ਮੁਨੀ ਜੀ, ਸੰਤ ਕਰਮ ਦਾਸ, ਲੈਕਚਰਾਰ ਭਾਰਤ ਭੂਸ਼ਣ, ਗੁਰਦੀਪ ਸਿੰਘ, ਲਾਲ ਚੰਦ ਲੱਡੂ, ਪਾਲ ਟਾਇਰਾਂ ਵਾਲਾ, ਮਹਾਂਵੀਰ ਪ੍ਰਸਾਦ ਭੋਲਾ ਰਾਗੀ, ਮਿੰਟੂ ਮੰਗਲਾ, ਜਸਵਿੰਦਰ ਸਿੰਘ, ਵਿੱਕੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮੰਡੀ ਨਿਵਾਸੀਆਂ ਨੇ ਹਨੂੰਮਾਨ ਜੀ ਅੱਗੇ ਨਤਮਸਤਕ ਹੋਕੇ ਜੀਵਨ ਵਿੱਚ ਸਫਲਤਾ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ।