ਮਾਰਕੁੱਟ ਦੇ ਤਿੰਨ ਮਾਮਲਿਆਂ ’ਚ 10 ਲੋਕਾਂ ’ਤੇ ਕੇਸ ਦਰਜ
ਮਾਰਕੁੱਟ ਦੇ ਤਿੰਨ ਮਾਮਲਿਆਂ ਵਿਚ 10 ਲੋਕਾਂ ਖ਼ਿਲਾਫ ਕੇਸ ਦਰਜ
Publish Date: Fri, 03 Apr 2026 05:22 PM (IST)
Updated Date: Sat, 04 Apr 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਆਪਸੀ ਰੰਜਿਸ਼ ਕਾਰਨ ਮਾਰਕੁੱਟ ਦੇ ਤਿੰਨ ਵੱਖ-ਵੱਖ ਮਾਮਲਿਆਂ ’ਚ 10 ਲੋਕਾਂ ਖ਼ਿਲਾਫ ਕੇਸ ਦਰਜ ਕੀਤੇ ਹਨ। ਹਾਲਾਂਕਿ ਅਜੇ ਤਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ। ਪਹਿਲੇ ਮਾਮਲੇ ਵਿੱਚ ਥਾਣਾ ਨਥਾਣਾ ਪੁਲਿਸ ਨੂੰ ਪਿੰਡ ਸੇਮਾ ਕਲਾਂ ਦੇ ਰਹਿਣ ਵਾਲੇ ਜਗਜੀਤ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਉਸਦੀ ਪਿੰਡ ਦੇ ਹੀ ਰਹਿਣ ਵਾਲੇ ਜਗਮੀਤ ਸਿੰਘ ਨਾਲ ਪੁਰਾਣੀ ਰੰਜਿਸ਼ ਸੀ। ਇਸੇ ਰੰਜਿਸ਼ ਕਾਰਨ ਦੋਸ਼ੀ ਨੇ ਉਸ ਨਾਲ ਮਾਰਕੁੱਟ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਦੂਜੇ ਮਾਮਲੇ ਵਿੱਚ ਥਾਣਾ ਤਲਵੰਡੀ ਸਾਬੋ ਪੁਲਿਸ ਨੂੰ ਪਿੰਡ ਟਾਡੀਆਂ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸਦਾ ਮੌੜ ਦੀ ਪੁਰਾਣੀ ਅਨਾਜ ਮੰਡੀ ਦੇ ਰਹਿਣ ਵਾਲੇ ਸੰਜੀਵ ਕੁਮਾਰ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸੇ ਕਾਰਨ ਦੋਸ਼ੀ ਨੇ ਪਿੰਡ ਸੇਖਪੁਰਾ ਨੇੜੇ ਉਸਨੂੰ ਘੇਰ ਕੇ ਮਾਰ-ਕੁੱਟ ਕੀਤੀ ਅਤੇ ਜ਼ਖਮੀ ਕਰ ਦਿੱਤਾ। ਤੀਜੇ ਮਾਮਲੇ ਵਿੱਚ ਥਾਣਾ ਰਾਮਾਂ ਪੁਲਿਸ ਨੂੰ ਪਿੰਡ ਸੇਖੂ ਦੇ ਰਹਿਣ ਵਾਲੇ ਅਮਰੀਕ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਉਹ ਆਪਣੇ ਘਰ ਵਿੱਚ ਬੈਠਾ ਸੀ, ਤਾਂ ਜਗਦੀਪ ਸਿੰਘ, ਹਰਮੰਦਰ ਸਿੰਘ, ਸੁੱਖੀ ਸਿੰਘ, ਕੁਲਵਿੰਦਰ ਸਿੰਘ ਅਤੇ ਚਾਰ ਅਣਪਛਾਤੇ ਵਿਅਕਤੀ ਉਸਦੇ ਘਰ ਵਿੱਚ ਦਾਖਲ ਹੋ ਗਏ। ਦੋਸ਼ੀਆਂ ਨੇ ਗਾਲੀ-ਗਲੌਚ ਕਰਦੇ ਹੋਏ ਉਸ ਨਾਲ ਮਾਰਕੁੱਟ ਕੀਤੀ। ਸ਼ਿਕਾਇਤਕਰਤਾ ਅਨੁਸਾਰ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਕੀਤਾ।