ਸਾਲ 2027 ਵਿੱਚ ਕਾਂਗਰਸ ਦੀ ਟਿਕਟ ’ਤੇ ਤੀਜੀ ਵਾਰ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ ਖੁਸ਼ਬਾਜ ਜਟਾਣਾ

- ਤਲਵੰਡੀ ਸਾਬੋ ਹਲਕੇ ਤੋਂ ਦੋ ਵਾਰ ਲੜੀ ਚੋਣ ਪਰ ਕਿਸਮਤ ਨੇ ਨਹੀਂ ਦਿੱਤਾ ਸਾਥ
- ਕਰਨਾਲ ਨੇੜੇ ਸੜਕ ਹਾਦਸੇ ’ਚ ਹੋਈ ਮੌਤ, ਨੌਜਵਾਨ ਵਰਗ ’ਚ ਸੋਗ ਦੀ ਲਹਿਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਲਗਾਤਾਰ ਦੋ ਵਾਰ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਰਹੇ ਨੌਜਵਾਨ ਆਗੂ ਖੁਸ਼ਬਾਜ ਸਿੰਘ ਜਟਾਣਾ ਕਾਂਗਰਸ ਦੀ ਟਿਕਟ ’ਤੇ ਸਾਲ 2027 ਵਿਚ ਤੀਜੀ ਵਾਰ ਵਿਧਾਨ ਸਭਾ ਦੀ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਦੀ ਕਰਨਾਲ ਨੇੜੇ ਇੱਕ ਸੜਕ ਹਾਦਸੇ ਵਿੱਚ ਦੁਖਦਾਈ ਮੌਤ ਹੋ ਗਈ। ਜਟਾਣਾ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਸੀ। ਉਹ ਪੜ੍ਹਾਈ ਦੌਰਾਨ ਹੀ ਵਿਦਿਆਰਥੀ ਸਿਆਸਤ ਵਿੱਚ ਸਰਗਰਮ ਹੋ ਗਏ ਅਤੇ ਕਾਂਗਰਸ ਦੇ ਦਿਨ ਐੱਨਐੱਸਯੂਆਈ ਵਿੱਚ ਲੰਬਾ ਸਮਾਂ ਕੰਮ ਕਰਦਿਆਂ ਵਿਦਿਆਰਥੀ ਚੋਣਾਂ ਵੀ ਲੜੀਆਂ। ਭਾਵੇਂ ਖੁਸ਼ਬਾਜ ਜਟਾਣਾ ਦਾ ਜੱਦੀ ਪਿੰਡ ਪੰਨੀਵਾਲਾ ਫਾਜ਼ਿਲਕਾ ਵਿੱਚ ਪੈਂਦਾ ਹੈ, ਪਰ ਉਹ ਪੜ੍ਹਾਈ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਹਲਕਾ ਤਲਵੰਡੀ ਸਾਬੋ ਵਿੱਚ ਸਰਗਰਮ ਹੋ ਗਏ। ਕਾਂਗਰਸ ਪਾਰਟੀ ਨੇ ਜਿੱਥੇ ਸਾਲ 2017 ਵਿੱਚ ਆਪਣੀ ਟਿਕਟ ’ਤੇ ਖੁਸ਼ਬਾਜ ਜਟਾਣਾ ਨੂੰ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ, ਪਰ ਉਹ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਕੋਲੋਂ ਚੋਣ ਹਾਰ ਗਏ। ਤੇਜ਼ ਤਰਾਰ ਅਤੇ ਨੌਜਵਾਨ ਆਗੂ ਨੂੰ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਕਾਂਗਰਸ ਬਠਿੰਡਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਹੁਣ ਜ਼ਿਲ੍ਹਾ ਪ੍ਰਧਾਨ ਹੁੰਦਿਆਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕੀਤਾ। ਨੌਜਵਾਨ ਵਰਗ ਵਿੱਚ ਉਨ੍ਹਾਂ ਦਾ ਚੰਗਾ ਮਾਣ ਸਤਿਕਾਰ ਅਤੇ ਪ੍ਰਭਾਵ ਮੰਨਿਆ ਜਾਂਦਾ ਸੀ। ਇਹੀ ਕਾਰਨ ਸੀ ਕਿ ਸਾਲ 2022 ਵਿੱਚ ਕਾਂਗਰਸ ਪਾਰਟੀ ਨੇ ਮੁੜ ਜਟਾਣਾ ’ਤੇ ਭਰੋਸਾ ਪ੍ਰਗਟ ਕਰਦਿਆਂ ਉਸ ਨੂੰ ਟਿਕਟ ਦੇ ਕੇ ਤਲਵੰਡੀ ਸਾਬੋ ਤੋਂ ਮੁੜ ਚੋਣ ਮੈਦਾਨ ਵਿੱਚ ਉਤਾਰਿਆ, ਪਰ ਇਸ ਵਾਰ ਵੀ ਕਿਸਮਤ ਨੇ ਜੁਟਾਣਾ ਦਾ ਸਾਥ ਨਹੀਂ ਦਿੱਤਾ, ਜਿਸ ਕਾਰਨ ਉਹ ਇਕ ਵਾਰ ਫਿਰ ਵਿਧਾਨ ਸਭਾ ਚੋਣ ਹਾਰ ਗਏ। ਇਸ ਦੌਰਾਨ ਹੀ ਤਲਵੰਡੀ ਸਾਬੋ ਹਲਕੇ ਚਾਰ ਵਾਰ ਵਿਧਾਇਕ ਰਹੇ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜੀਤ ਮਹਿੰਦਰ ਅਤੇ ਜਟਾਣਾ ਵਿੱਚ ਸਮਝੌਤਾ ਕਰਵਾਇਆ ਸੀ, ਜਿਸ ਤਹਿਤ ਜਟਾਣਾ ਵੱਲੋਂ ਸਾਲ 2027 ਵਿੱਚ ਤਲਵੰਡੀ ਸਾਬੋ ਹਲਕੇ ਤੋਂ ਅਤੇ ਸਿੱਧੂ ਵੱਲੋਂ ਮੌੜ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਹੋਇਆ ਸੀ। ਨੌਜਵਾਨ ਆਗੂ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਮੁੜ ਤੀਜੀ ਵਾਰ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਆਪਣੀਆਂ ਸਿਆਸੀ ਸਰਗਰਮੀਆਂ ਬਹੁਤ ਤੇਜ਼ ਕੀਤੀਆਂ ਹੋਈਆਂ ਸਨ। ਉਹ ਆਪਣੀ ਡਿਫੈਂਡਰ ਗੱਡੀ ’ਤੇ ਸਵਾਰ ਹੋ ਕੇ ਦਿੱਲੀ ਤੋਂ ਬਠਿੰਡਾ ਵੱਲ ਆ ਰਹੇ ਸਨ ਕਿ ਕਰਨਾਲ ਨੇੜੇ ਸੜਕ ਹਾਦਸੇ ਵਿੱਚ ਉਹ ਸਦਾ ਲਈ ਵਿਛੜ ਗਏ। ਜਟਾਣਾ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਚਾਹੁਣ ਵਾਲਿਆਂ ਤੇ ਸਮਰਥਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰਾਂ ਨੂੰ ਛੱਡ ਗਏ। ਉਨ੍ਹਾਂ ਦੀ ਮੌਤ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਬਠਿੰਡਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਅੰਦਰ ਜਟਾਣਾ ਦੀ ਮੌਤ ਨਾਲ ਸੋਗ ਦੀ ਲਹਿਰ ਹੈ।