- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾਇਲ-112 ਨੂੰ ਮਿਲੀ ਨਵੀਂ ਰਫ਼ਤਾਰ: ਬਠਿੰਡਾ ਪੁਲਿਸ ਨੂੰ 22 ਹਾਈਟੈਕ ਈਆਰਵੀ ਗੱਡੀਆਂ ਮਿਲੀਆਂ

- ਰਿਸਪਾਂਸ ਟਾਈਮ ਘਟ ਕੇ 10 ਮਿੰਟ ਦੇ ਕਰੀਬ, ਜੀਪੀਐੱਸ ਟ੍ਰੈਕਿੰਗ ਨਾਲ ਲੈਸ ਨਵੇਂ ਐਮਰਜੈਂਸੀ ਵਾਹਨ ਤਾਇਨਾਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਪੰਜਾਬ ਸਰਕਾਰ ਵੱਲੋਂ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦੇਣ ਲਈ ਡਾਇਲ-112 ਪ੍ਰੋਜੈਕਟ ਨੂੰ ਜ਼ਮੀਨੀ ਪੱਧਰ ‘ਤੇ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ। ਇਸ ਤਹਿਤ ਬਠਿੰਡਾ ਪੁਲਿਸ ਨੂੰ ਨਵੀਆਂ ਹਾਈਟੈਕ ਐਮਰਜੈਂਸੀ ਰਿਸਪਾਂਸ ਵਾਹਨ (ਈਆਰਵੀ) ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ਦੀ ਪੁਲਿਸ ਨੂੰ ਨਵੀਂ ਤਾਕਤ ਮਿਲੀ ਹੈ। ਹੁਣ ਪੁਲਿਸ ਬਿਨਾਂ ਸਮਾਂ ਗਵਾਏ ਘਟਨਾ ਸਥਾਨ ’ਤੇ ਪੁੱਜ ਸਕੇਗੀ।
ਇਸ ਮੌਕੇ ਐੱਸਐੱਸਪੀ ਡਾ. ਜਯੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਐੱਸਪੀ (ਹੈੱਡਕੁਆਰਟਰ) ਅਤੇ ਡੀਐੱਸਪੀ (ਸਪੈਸ਼ਲ ਕ੍ਰਾਈਮ) ਦੀ ਹਾਜ਼ਰੀ ਵਿੱਚ ਕੁੱਲ 22 ਡਾਇਲ-112 ਵਾਹਨਾਂ ’ਤੇ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ। ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਨ੍ਹਾਂ ਵਾਹਨਾਂ ਰਾਹੀਂ ਐਮਰਜੈਂਸੀ ਸੇਵਾਵਾਂ ਨੂੰ ਹੋਰ ਤੇਜ਼, ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇ। ਪਹਿਲਾਂ ਜ਼ਿਲ੍ਹੇ ਵਿੱਚ ਡਾਇਲ-112 ਵਾਹਨਾਂ ਦੀ ਗਿਣਤੀ ਘੱਟ ਸੀ, ਪਰ ਹੁਣ ਇਹ ਵੱਧ ਕੇ 25 ਤੋਂ ਉੱਪਰ ਹੋ ਗਈ ਹੈ। ਇਸ ਨਾਲ ਨਾ ਸਿਰਫ਼ ਸ਼ਹਿਰੀ ਖੇਤਰਾਂ, ਸਗੋਂ ਦੂਰ-ਦਰਾਜ ਪਿੰਡਾਂ ਵਿੱਚ ਵੀ ਪੁਲਿਸ ਦੀ ਪਹੁੰਚ ਮਜ਼ਬੂਤ ਹੋਵੇਗੀ ਅਤੇ ਲੋਕਾਂ ਨੂੰ ਸਮੇਂ ’ਤੇ ਮਦਦ ਮਿਲੇਗੀ। ਪੁਲਿਸ ਹਰ ਘਟਨਾ ’ਤੇ ਜਲਦੀ ਪਹੁੰਚ ਸਕੇਗੀ ਅਤੇ ਇਸ ਨਾਲ ਪੁਲਿਸ ਵਿਚ ਲੋਕਾਂ ਦਾ ਭਰੋਸਾ ਵਧੇਗਾ।
ਇਸ ਮੌਕੇ ਐੱਸਐੱਸਪੀ ਅਨੁਸਾਰ ਨਵੀਆਂ ਈਆਰਵੀ ਗੱਡੀਆਂ ਨਾਲ ਪੁਲਿਸ ਦਾ ਰਿਸਪਾਂਸ ਟਾਈਮ ਘਟ ਕੇ ਲਗਭਗ 10 ਤੋਂ 12 ਮਿੰਟ ਰਹਿ ਗਿਆ ਹੈ। ਇਨ੍ਹਾਂ ਵਾਹਨਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਰਣਨੀਤਕ ਢੰਗ ਨਾਲ ਤੈਨਾਤ ਕੀਤਾ ਗਿਆ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਕਾਲ ‘ਤੇ ਸਭ ਤੋਂ ਨੇੜਲੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਵਿੱਚ ਕਾਲ ਆਉਂਦੇ ਹੀ ਜੀਪੀਐੱਸ ਸਿਸਟਮ ਰਾਹੀਂ ਨੇੜਲੇ ਵਾਹਨ ਦੀ ਲੋਕੇਸ਼ਨ ਪਤਾ ਲਾ ਕੇ ਉਸ ਨੂੰ ਤੁਰੰਤ ਭੇਜਿਆ ਜਾਂਦਾ ਹੈ। ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਲੋਕਾਂ ਨੂੰ ਫੌਰੀ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹੇ ਦੇ ਹਰ ਨਾਗਰਿਕ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
- ਹਾਈਟੈੱਕ ਸਹੂਲਤਾਂ ਨਾਲ ਲੈਸ ਵਾਹਨ
ਇਨ੍ਹਾਂ ਨਵੀਆਂ ਈਆਰਵੀ ਗੱਡੀਆਂ ਵਿੱਚ ਆਧੁਨਿਕ ਤਕਨਾਲੋਜੀ ਵਰਤੀ ਗਈ ਹੈ, ਜਿਸ ਵਿੱਚ ਜੀਪੀਐੱਸ ਸਿਸਟਮ, ਵਾਇਰਲੈੱਸ ਕਮਿਊਨੀਕੇਸ਼ਨ, ਲਾਈਵ ਟ੍ਰੈਕਿੰਗ ਅਤੇ ਕੰਟਰੋਲ ਰੂਮ ਨਾਲ ਸਿੱਧਾ ਸੰਪਰਕ ਸ਼ਾਮਲ ਹੈ। ਇਸ ਤੋਂ ਇਲਾਵਾ, ਉੱਚ ਗੁਣਵੱਤਾ ਵਾਲੀਆਂ ਲਾਈਟਾਂ ਅਤੇ ਸਾਇਰਨ ਲਗੇ ਹੋਏ ਹਨ, ਜਿਸ ਨਾਲ ਇਹ ਟ੍ਰੈਫਿਕ ਵਿੱਚ ਆਸਾਨੀ ਨਾਲ ਰਸਤਾ ਬਣਾਉਂਦੀਆਂ ਹਨ। ਇਹ ਵਾਹਨ ਇਕ ਮਿਨੀ ਕੰਟਰੋਲ ਰੂਮ ਵਾਂਗ ਕੰਮ ਕਰਨਗੇ, ਜਿੱਥੇ ਮੌਕੇ ’ਤੇ ਹੀ ਸਥਿਤੀ ਦਾ ਅੰਕਲਨ ਕਰ ਕੇ ਤੁਰੰਤ ਫ਼ੈਸਲੇ ਲਏ ਜਾ ਸਕਦੇ ਹਨ। ਇਸ ਨਾਲ ਪੁਲਿਸ ਦੀ ਕਾਰਗੁਜ਼ਾਰੀ ਅਤੇ ਜਵਾਬਦੇਹੀ ਵਿੱਚ ਸੁਧਾਰ ਆਵੇਗਾ। ਪੁਲਿਸ ਦੀਆਂ ਗੱਡੀਆਂ ਵਿਚ ਜੀਪੀਐੱਸ ਸਿਸਟਮ ਹੋਣ ਕਾਰਨ ਇਹ ਅਧਿਕਾਰੀਆਂ ਦੀ ਨਜ਼ਰ ਵਿਚ ਰਹਿਣਗੀਆਂ। ਐੱਸਐੱਸਪੀ ਵੱਲੋਂ ਸਾਰੇ ਅਧਿਕਾਰੀਆਂ, ਐੱਸਐੱਚਓਜ਼ ਅਤੇ ਚੌਕੀ ਇੰਚਾਰਜਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਡਾਇਲ-112 ’ਤੇ ਆਉਣ ਵਾਲੀ ਹਰ ਸ਼ਿਕਾਇਤ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਇਆ ਜਾਵੇ। ਨਾਲ ਹੀ ਇਨ੍ਹਾਂ ਵਾਹਨਾਂ ਦੀ ਮਦਦ ਨਾਲ ਸੰਵੇਦਨਸ਼ੀਲ ਖੇਤਰਾਂ ਵਿੱਚ ਗਸ਼ਤ ਵਧਾਉਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਵਧੀ ਹੋਈ ਗਸ਼ਤ ਨਾਲ ਚੇਨ ਸਨੇਚਿੰਗ, ਚੋਰੀ ਅਤੇ ਹੋਰ ਅਪਰਾਧਾਂ ’ਤੇ ਕੰਟਰੋਲ ਪਾਉਣ ਵਿੱਚ ਮਦਦ ਮਿਲੇਗੀ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ। ਹੁਣ ਨਵੀਆਂ ਗੱਡੀਆਂ ਮਿਲਣ ਬਾਅਦ ਪੁਲਿਸ ਘਟਨਾ ਸਥਾਨ ’ਤੇ ਜਲਦੀ ਪੁੱਜ ਜਾਇਆ ਕਰੇਗੀ, ਜਿਸ ਨਾਲ ਲੋਕਾਂ ਨੂੰ ਜਲਦੀ ਇਨਸਾਫ਼ ਮਿਲ ਸਕੇਗਾ।