ਆਂਗਨਵਾੜੀ ਸੈਂਟਰਾਂ ਲਈ ਖ਼ਰੀਦੇ ਫੋਨ ਰੂਰਲ ਡਿਪਾਰਟਮੈਂਟ ਨੂੰ ਦੇਣ ਦਾ ਵਿਰੋਧ
ਆਂਗਣਵਾੜੀ ਸੈਂਟਰਾਂ ਲਈ ਖਰੀਦੇ ਫੋਨ ਰੂਰਲ ਡਿਪਾਰਟਮੈਂਟ ਨੂੰ ਦੇਣ ਦਾ ਵਿਰੋਧ
Publish Date: Thu, 02 Apr 2026 04:26 PM (IST)
Updated Date: Thu, 02 Apr 2026 04:28 PM (IST)

- ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਲਈ ਸਰਕਾਰ ਫੋਨ ਦੇਵੇ ਤਾਂ ਹੀ ਡਾਟਾ ਆਨਲਾਈਨ ਹੋਵੇਗਾ : ਹਰਗੋਬਿੰਦ ਕੌਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਂਗਨਵਾੜੀ ਸੈਂਟਰਾਂ ਲਈ ਖਰੀਦੇ ਸਮਾਰਟ ਫੋਨ ਰੂਰਲ ਡਿਵੈਲਪਮੈਂਟ ਵਿਭਾਗ ਨੂੰ ਦੇਣ ਦੇ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਪੋਸ਼ਣ ਅਭਿਆਨ ਅਧੀਨ ਆਂਗਨਵਾੜੀ ਸੈਂਟਰਾਂ ਲਈ ਖਰੀਦੇ ਗਏ ਸਮਾਰਟ ਫੋਨ ਹੁਣ ਸਰਵੇ ਲਈ ਰੂਰਲ ਡਿਵੈਲਪਮੈਂਟ ਵਿਭਾਗ ਨੂੰ ਦਿੱਤੇ ਜਾ ਰਹੇ ਹਨ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 13 ਅਪ੍ਰੈਲ ਨੂੰ ਸ਼ੁਰੂ ਕੀਤੀ ਜਾ ਰਹੀ ‘ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ’ ਤਹਿਤ ਆਂਗਨਵਾੜੀ ਵਰਕਰਾਂ ਨੂੰ ਆਪਣੇ ਮੋਬਾਈਲ ਫੋਨਾਂ ਰਾਹੀਂ ਫਾਰਮ ਭਰਨ ਲਈ ਕਿਹਾ ਜਾ ਰਿਹਾ ਹੈ, ਪਰ ਵਰਕਰ ਆਪਣੇ ਨਿੱਜੀ ਫੋਨਾਂ ਤੋਂ ਇਹ ਕੰਮ ਨਹੀਂ ਕਰਨਗੀਆਂ। ਹਰਗੋਬਿੰਦ ਕੌਰ ਨੇ ਸਪਸ਼ਟ ਕੀਤਾ ਕਿ ਜੇਕਰ ਸਰਕਾਰ ਵੱਲੋਂ ਪੋਸ਼ਣ ਅਭਿਆਨ ਹੇਠ ਖਰੀਦੇ ਸਮਾਰਟ ਫੋਨ ਆਂਗਨਵਾੜੀ ਵਰਕਰਾਂ ਨੂੰ ਮੁਹੱਈਆ ਕਰਵਾਏ ਜਾਣਗੇ, ਤਾਂ ਹੀ ਉਹ ਇਸ ਯੋਜਨਾ ਦੇ ਫਾਰਮ ਆਨਲਾਈਨ ਭਰਨਗੀਆਂ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਫਾਰਮ ਅਪਲੋਡ ਕਰਨ ਲਈ ਆਂਗਨਵਾੜੀ ਵਰਕਰਾਂ ਨੂੰ ਘੱਟੋ-ਘੱਟ 100 ਰੁਪਏ ਪ੍ਰਤੀ ਫਾਰਮ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਾਣ-ਭੱਤਾ ਦੁਗਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਹਾਲਾਤ ਇਹ ਹਨ ਕਿ ਵਰਕਰਾਂ ਨੂੰ ਕੀਤੇ ਕੰਮ ਦੇ ਬਦਲੇ ਵੀ ਯੋਗ ਮਾਣ-ਭੱਤਾ ਨਹੀਂ ਮਿਲ ਰਿਹਾ, ਜੋ ਬਹੁਤ ਹੀ ਦੁਖਦਾਈ ਗੱਲ ਹੈ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ।