ਬਾਲਿਆਂਵਾਲੀ ਮਾਮਲੇ ’ਚ ਬਣੀ ਨਵੀਂ ਕਮੇਟੀ, ਪਿੰਡ ਵਾਸੀਆਂ ਨੇ ਚੁੱਕਿਆ ਧਰਨਾ
ਬਾਲਿਆਂਵਾਲੀ ਮਾਮਲੇ ਵਿਚ ਪ੍ਰਸ਼ਾਸਨ ਨੇ ਬਣਾਈ ਕਮੇਟੀ, ਪਿੰਡ ਵਾਸੀਆਂ ਨੇ ਥਾਣੇ ਅੱਗਿਓ ਧਰਨਾ ਚੁੱਕਿਆ
Publish Date: Wed, 01 Apr 2026 07:33 PM (IST)
Updated Date: Thu, 02 Apr 2026 04:11 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਨੇੜਲੇ ਪਿੰਡ ਬਾਲਿਆਂਵਾਲੀ ਵਿਚ ਜਗ੍ਹਾ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਮੰਗਲਵਾਰ ਤੋਂ ਥਾਣੇ ਅੱਗੇ ਲਾਇਆ ਧਰਨਾ ਬੁੱਧਵਾਰ ਨੂੰ ਚੁੱਕ ਲਿਆ ਹੈ। ਐਸਡੀਐਮ ਵੀਰਪਾਲ ਕੌਰ ਬੁੱਧਵਾਰ ਨੂੰ ਧਰਨੇ ਵਾਲੀ ਜਗ੍ਹਾ ’ਤੇ ਪੁੱਜੇ ਤੇ ਪਿੰਡ ਵਾਸੀਆਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਮਾਮਲਾ ਸੁਲਝਾਉਣ ਲਈ ਕਮੇਟੀ ਬਣਾਉਣ ’ਤੇ ਸਹਿਮਤੀ ਬਣ ਗਈ, ਜਿਸ ਨਾਲ ਪੰਚਾਇਤ ਤੇ ਸਾਰੇ ਪਿੰਡ ਵਾਸੀ ਸਹਿਮਤ ਹੋ ਗਏ। ਤਹਿਸੀਲਦਾਰ ਮੌੜ ਮੰਡੀ ਅਤੇ ਬੀਡੀਪੀਓ ਫੂਲ ਦੀ ਅਗਵਾਈ ਬਣਾਈ ਕਮੇਟੀ ਸਾਰੇ ਮਾਮਲੇ ਦੀ ਪੜਤਾਲ ਕਰਨ ਬਾਅਦ ਇਕ ਹਫ਼ਤੇ ਵਿਚ ਰਿਪੋਰਟ ਦੇਵੇਗੀ। ਇਹ ਮਾਮਲਾ ਉਸ ਜਗ੍ਹਾ ਨਾਲ ਸਬੰਧਤ ਹੈ, ਜਿੱਥੇ ਕਰੀਬ 35 ਸਾਲ ਪਹਿਲਾਂ ਅੱਤਵਾਦ ਦੇ ਦੌਰਾਨ ਥਾਣੇ ਵੱਲੋਂ ਇਕ ਲਾਂਗਰੀ ਨੂੰ ਰਹਿਣ ਲਈ ਦੋ ਕਮਰੇ ਦਿੱਤੇ ਗਏ ਸਨ। ਲਾਂਗਰੀ ਦੀ ਮੌਤ ਤੋਂ ਬਾਅਦ ਉਸਦਾ ਪਰਿਵਾਰ ਉੱਥੋਂ ਚਲਾ ਗਿਆ, ਪਰ ਹੁਣ ਪੰਚਾਇਤ ਦਾ ਦਾਅਵਾ ਹੈ ਕਿ ਇਹ ਜ਼ਮੀਨ ਪੰਚਾਇਤ ਦੀ ਹੈ ਅਤੇ “ਲਾਲ ਲਕੀਰ” ਦੇ ਅੰਦਰ ਆਉਂਦੀ ਹੈ। ਪੰਚਾਇਤ ਇੱਥੇ ਦੁਕਾਨਾਂ ਦਾ ਨਿਰਮਾਣ ਕਰਨਾ ਚਾਹੁੰਦੀ ਹੈ, ਪਰ ਪੁਲਿਸ ਵੱਲੋਂ ਰੋਕ ਲਗਾਉਣ ਤੋਂ ਬਾਅਦ ਇਹ ਵਿਵਾਦ ਭੜਕ ਉੱਠਿਆ। ਪੁਲਿਸ ਨੇ ਇਸ ਜਗ੍ਹਾ ਨੂੰ ਥਾਣੇ ਦੀ ਦੱਸਦਿਆਂ ਪੰਚਾਇਤ ਵੱਲੋਂ ਕੀਤੇ ਜਾਣ ਵਾਲੇ ਦੁਕਾਨਾਂ ਦੇ ਨਿਰਮਾਣ ਨੂੰ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਡੀਐਸਪੀ ਤੇ ਐਸਐਚਓ ਸਮੇਤ ਸਾਰੀ ਫੋਰਸ ਨੂੰ ਥਾਣੇ ਅੰਦਰ ਹੀ ਘੇਰ ਲਿਆ ਸੀ। । ਡੀਐਸਪੀ ਕੁਲਦੀਪ ਸਿੰਘ ਬਰਾੜ ਨੇ ਕਿਹਾ ਕਿ ਜ਼ਮੀਨ “ਲਾਲ ਲਕੀਰ” ਵਿੱਚ ਹੋਣ ਦੇ ਬਾਵਜੂਦ ਜਿਸਦਾ ਕਬਜ਼ਾ ਹੁੰਦਾ ਹੈ, ਉਹੀ ਮਾਲਕ ਮੰਨਿਆ ਜਾਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਚਾਇਤ ਕਾਨੂੰਨੀ ਪ੍ਰਕਿਰਿਆ ਅਧੀਨ ਕਬਜ਼ਾ ਲੈ ਸਕਦੀ ਹੈ, ਪਰ ਜਬਰਦਸਤੀ ਕਿਸੇ ਨੂੰ ਵੀ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।