ਬਾਰ ਕੌਂਸਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੈਂਬਰ ਗਰੇਵਾਲ ਪੀੜਤ ਪਰਿਵਾਰ ਨੂੰ ਮਿਲੇ
ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਮੈਂਬਰ ਗਰੇਵਾਲ ਪੀੜਤ ਪਰਿਵਾਰ ਨੂੰ ਮਿਲੇ
Publish Date: Wed, 01 Apr 2026 05:48 PM (IST)
Updated Date: Thu, 02 Apr 2026 04:05 AM (IST)
-ਇਨਸਾਫ਼ ਨਾ ਮਿਲਣ ’ਤੇ ਪੰਜਾਬ-ਹਰਿਆਣਾ ਚੰਡੀਗੜ੍ਹ |ਚ ਅੰਦੋਲਨ ਦੀ ਚਿਤਾਵਨੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਇੱਥੇ ਐਡਵੋਕੇਟ ਦਵਿੰਦਰ ਨੱਤ ਦੀ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਮਾਹੌਲ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵਕੀਲ ਭਾਈਚਾਰਾ ਹੁਣ ਖੁੱਲ੍ਹ ਕੇ ਮੈਦਾਨ ਵਿੱਚ ਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਸੰਦਰਭ ਵਿੱਚ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਮੈਂਬਰ ਅਤੇ ਸਾਬਕਾ ਸਕੱਤਰ ਗੁਰਤੇਜ ਸਿੰਘ ਗਰੇਵਾਲ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਤੋਂ ਬਠਿੰਡਾ ਪਹੁੰਚੇ। ਉਨ੍ਹਾਂ ਨੇ ਮ੍ਰਿਤਕ ਐਡਵੋਕੇਟ ਦੇਵਿੰਦਰ ਨੱਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹਰ ਹਾਲਤ ਵਿੱਚ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਮ੍ਰਿਤਕ ਵਕੀਲ ਦੀ ਮਾਤਾ ਤੋਂ ਘਟਨਾ ਸਬੰਧੀ ਵਿਸਥਾਰ ਵਿਚ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਮ੍ਰਿਤਕ ਵਕੀਲ ਦੀ ਮਾਤਾ ਨੂੰ ਧੀਰਜ ਦਿੰਦਿਆਂ ਕਿਹਾ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦਾ ਪੂਰਾ ਵਕੀਲ ਭਾਈਚਾਰਾ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦਾ ਪਰਿਵਾਰ ਇਕੱਲਾ ਨਹੀਂ ਹੈ। ਨੱਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮਾਮਲੇ ਵਿੱਚ ਕੇਸ ਤਾਂ ਦਰਜ ਕਰ ਲਿਆ ਹੈ, ਪਰ ਅਜੇ ਤਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਜਲਦ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਵਕੀਲ ਭਾਈਚਾਰਾ ਅੰਦੋਲਨ ਕਰਨ ਲਈ ਮਜਬੂਰ ਹੋਵੇਗਾ। ਗਰੇਵਾਲ ਨੇ ਸਪੱਸ਼ਟ ਕਿਹਾ ਕਿ ਇਹ ਸੰਘਰਸ਼ ਸਿਰਫ਼ ਬਠਿੰਡਾ ਤਕ ਸੀਮਤ ਨਹੀਂ ਰਹੇਗਾ, ਸਗੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਭਰ ਵਿੱਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਕੀਲ ਸੜਕਾਂ ’ਤੇ ਉਤਰ ਕੇ ਇਨਸਾਫ਼ ਲਈ ਲੜਨਗੇ। ਅੰਤ ਵਿੱਚ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਅਤੇ ਵਕੀਲ ਭਾਈਚਾਰੇ ਵਿੱਚ ਵਧਦਾ ਗੁੱਸਾ ਠੰਢਾ ਹੋ ਸਕੇ। ਇਸ ਮੌਕੇ ਐਡਵੋਕੇਟ ਸੰਦੀਪ ਪਾਠਕ ਵੀ ਹਾਜ਼ਰ ਸਨ।