- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਵਿੱਚ ਜਨਗਣਨਾ ਲਈ ਤਿਆਰੀਆਂ ਮੁਕੰਮਲ, 30 ਅਪ੍ਰੈਲ ਤੋਂ ਪਹਿਲਾਂ ਹੋਵੇਗਾ ਪਹਿਲਾ ਪੜਾਅ ਸ਼ੁਰੂ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿੱਚ ਆਉਣ ਵਾਲੀ ਜਨਗਣਨਾ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਅਨੁਸਾਰ ਜਨਗਣਨਾ ਦਾ ਪਹਿਲਾ ਪੜਾਅ 30 ਅਪ੍ਰੈਲ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਤਹਿਤ ਘਰਾਂ ਦੀ ਗਿਣਤੀ ਦਾ ਕੰਮ ਕੀਤਾ ਜਾਵੇਗਾ। ਇਸ ਪ੍ਰਕਿਰਿਆ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕਰਨ ਲਈ ਸਟਾਫ ਦੀ ਡਿਊਟੀ ਤੈਅ ਕੀਤੀ ਹੈ ਤੇ ਟ੍ਰੇਨਿੰਗ ਦੀ ਵੀ ਵਿਵਸਥਾ ਕਰ ਲਈ ਹੈ। ਪਹਿਲੇ ਚਰਨ ਵਿੱਚ ਜ਼ਿਲ੍ਹੇ ਦੇ ਸਾਰੇ ਸ਼ਹਿਰੀ ਤੇ ਪਿੰਡਾਂ ਵਾਲੇ ਖੇਤਰਾਂ ’ਚ ਮਕਾਨਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਦੌਰਾਨ ਹਰ ਮਕਾਨ ਦਾ ਵੇਰਵਾ ਡਿਜੀਟਲ ਮਾਧਿਅਮ ਰਾਹੀਂ ਦਰਜ ਕੀਤਾ ਜਾਵੇਗਾ। ਇਸ ਲਈ ਵੈੱਬਸਾਈਟ ਤੇ ਮੋਬਾਈਲ ਐਪ ਵਰਤਿਆ ਜਾਵੇਗਾ, ਜਿਸ ਨਾਲ ਡਾਟਾ ਇਕੱਠਾ ਕਰਨ ’ਚ ਪਾਰਦਰਸ਼ਿਤਾ ਤੇ ਸ਼ੁੱਧਤਾ ਯਕੀਨੀ ਬਣਾਈ ਜਾ ਸਕੇ।
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੰਮ ਹਰ ਹਾਲਤ ’ਚ 15 ਮਈ ਤਕ ਪੂਰਾ ਕਰਨਾ ਲਾਜ਼ਮੀ ਹੋਵੇਗਾ। ਹਾਲਾਕਿ ਆਉਣ ਵਾਲੇ ਦਿਨ੍ਹਾਂ ਵਿਚ ਐਪ ਰਲੀਜ਼ ਕਰ ਦਿੱਤੀ ਜਾਵੇਗੀ। ਜਨਗਣਨਾ ਕਾਰਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਨਾਲ-ਨਾਲ ਅਧਿਆਪਕਾਂ ਦੀ ਵੀ ਡਿਊਟੀ ਲਗਾਈ ਜਾਵੇਗੀ। ਮੁਲਾਜ਼ਮਾਂ ਨੂੰ ਉਨ੍ਹਾਂ ਦੇ ਖੇਤਰ ਅਨੁਸਾਰ ਜ਼ਿੰਮੇਵਾਰੀਆਂ ਸੌਂਪੀਆਂ ਹਨ। ਪ੍ਰਸ਼ਾਸਨ ਵੱਲੋਂ ਟ੍ਰੇਨਿੰਗ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ 2 ਮਾਸਟਰ ਟ੍ਰੇਨਰ ਅਤੇ 50 ਫੀਲਡ ਟ੍ਰੇਨਰ ਨਿਯੁਕਤ ਕੀਤੇ ਗਏ ਹਨ, ਜੋ ਸੁਪਰਵਾਈਜ਼ਰ ਅਤੇ ਐਨਿਊਮਰੇਟਰਾਂ ਨੂੰ ਟ੍ਰੇਨਿੰਗ ਦੇਣਗੇ, ਤਾਂ ਜੋ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤੀ ਨਾ ਰਹੇ ਅਤੇ ਜਨਗਣਨਾ ਦਾ ਕੰਮ ਸਮੇਂ ਸਿਰ ਪੂਰਾ ਹੋ ਸਕੇ। ਦੂਜੇ ਪੜਾਅ ਦੀ ਗੱਲ ਕਰੀਏ ਤਾਂ ਇਹ ਸਤੰਬਰ ਮਹੀਨੇ ਦੇ ਆਸ-ਪਾਸ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ’ਚ ਅਸਲ ਜਨਗਣਨਾ ਕੀਤੀ ਜਾਵੇਗੀ, ਜਿਸ ਦੌਰਾਨ ਹਰ ਵਿਅਕਤੀ ਨਾਲ ਸਬੰਧਤ ਵਿਸਥਾਰਤ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਸਮਾਜਿਕ-ਆਰਥਿਕ ਹਾਲਤ ਅਤੇ ਹੋਰ ਜ਼ਰੂਰੀ ਅੰਕੜੇ ਸ਼ਾਮਲ ਹੋਣਗੇ। ਅਧਿਕਾਰੀਆਂ ਮੁਤਾਬਕ ਪੂਰੀ ਜਨਗਣਨਾ ਪ੍ਰਕਿਰਿਆ ਨੂੰ ਫਰਵਰੀ 2027 ਤੋਂ ਪਹਿਲਾਂ ਪੂਰਾ ਕਰਨ ਦਾ ਟੀਚਾ ਰੱਖਿਆ ਹੈ। ਇਸ ਲਈ ਸਮੇਂ-ਸਮੇਂ ’ਤੇ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਜਾਵੇਗੀ, ਤਾਂ ਜੋ ਕਿਸੇ ਤਰ੍ਹਾਂ ਦੀ ਦੇਰੀ ਨਾ ਹੋਵੇ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਜਨਗਣਨਾ ਸਰਕਾਰੀ ਯੋਜਨਾਵਾਂ ਦੇ ਲਾਗੂ ਕਰਨ ਅਤੇ ਨੀਤੀ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ।
-ਬਾਕਸ-
ਪਹਿਲੇ ਪੜਾਅ ਵਿੱਚ ਸਾਰੇ ਖੇਤਰਾਂ ਵਿੱਚ ਮਕਾਨਾਂ ਦੀ ਗਿਣਤੀ ਕਰਕੇ ਵੇਰਵਾ ਡਿਜ਼ੀਟਲ ਮਾਧਿਅਮ ਰਾਹੀਂ ਅਪਲੋਡ ਕੀਤਾ ਜਾਵੇਗਾ। ਇਹ ਕੰਮ 30 ਅਪ੍ਰੈਲ ਤੋਂ ਪਹਿਲਾਂ ਸ਼ੁਰੂ ਹੋ ਕੇ 15 ਮਈ ਤਕ ਮੁਕੰਮਲ ਕੀਤਾ ਜਾਵੇਗਾ। ਜਨਗਣਨਾ ਲਈ 2 ਮਾਸਟਰ ਟ੍ਰੇਨਰ ਅਤੇ 50 ਫੀਲਡ ਟ੍ਰੇਨਰ ਨਿਯੁਕਤ ਕੀਤੇ ਗਏ ਹਨ, ਜੋ ਸਟਾਫ ਨੂੰ ਟ੍ਰੇਨਿੰਗ ਦੇਣਗੇ। ਇਕ ਕਰਮਚਾਰੀ ਨੂੰ ਲਗਭਗ 600 ਤੋਂ 900 ਲੋਕਾਂ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਤਾਂ ਜੋ ਕੰਮ ਸਮੇਂ ਸਿਰ ਪੂਰਾ ਕੀਤਾ ਜਾ ਸਕੇ।