ਪਾਵਰਕਾਮ ਭਰਤੀ ’ਚੋਂ ਪੰਜਾਬੀ ਲਾਜ਼ਮੀ ਸ਼ਰਤ ਹਟਾਉਣਾ ਮੰਦਭਾਗਾ : ਭੋਲਾ ਸਿੰਘ
ਪਾਵਰਕਾਮ ਭਰਤੀ ’ਚੋਂ ਪੰਜਾਬੀ ਲਾਜ਼ਮੀ ਸ਼ਰਤ ਹਟਾਉਣਾ ਮੰਦਭਾਗਾ: ਭੋਲਾ ਸਿੰਘ ਗਿੱਲ ਪੱਤੀ
Publish Date: Wed, 01 Apr 2026 05:10 PM (IST)
Updated Date: Thu, 02 Apr 2026 04:04 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਾਰਵਕਾਮ ਦੀ ਭਰਤੀ ਪ੍ਰਕਿਰਿਆ ਵਿੱਚੋਂ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਯੋਗਤਾ ਵਜੋਂ ਹਟਾਉਣ ਦੇ ਫੈਸਲੇ ਨੂੰ ਸ੍ਰੋਮਣੀ ਅਕਾਲੀ ਪੁਨਰ ਸੁਰਜੀਤ ਨੇ ਮੰਦਭਾਗਾ ਦੱਸਿਆ ਹੈ। ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਬੁਲਾਰੇ ਭੋਲਾ ਸਿੰਘ ਗਿੱਲਪੱਤੀ ਨੇ ਇਸਨੂੰ ਪੰਜਾਬ ਤੇ ਪੰਜਾਬੀਅਤ ਵਿਰੋਧੀ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ‘ਆਪ’ ਦੀ ਸਰਕਾਰ ਵੱਲੋਂ “ਰੰਗਲਾ ਪੰਜਾਬ” ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਖ਼ੁਦ ਨੂੰ ਪੰਜਾਬੀ ਬੋਲੀ ਦਾ ਹਮਾਇਤੀ ਦੱਸਿਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਅਮਲੀ ਤੌਰ ’ਤੇ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਵਰਕਾਮ ਦੀ ਭਰਤੀ ਸਬੰਧੀ ਜਾਰੀ ਪੱਤਰ ਨੰਬਰ 1127 (30 ਮਾਰਚ 2026) ਵਿੱਚੋਂ ਪੰਜਾਬੀ ਨੂੰ ਲਾਜ਼ਮੀ ਸ਼ਰਤ ਤੋਂ ਬਾਹਰ ਕਰਨਾ ਸਰਕਾਰ ਦਾ ਅਸਲ ਚਿਹਰਾ ਬੇਨਕਾਬ ਕਰਦਾ ਹੈ। ਗਿੱਲ ਪੱਤੀ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ’ਤੇ ਸਿੱਧਾ ਹਮਲਾ ਹੈ।
ਇਸ ਤਰ੍ਹਾਂ ਦੀਆਂ ਸ਼ਰਤਾਂ ਹਟਾ ਕੇ ਬਾਹਰਲੇ ਸੂਬਿਆਂ ਦੇ ਲੋਕਾਂ ਲਈ ਭਰਤੀ ਦੇ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ, ਜਿਸ ਨਾਲ ਸਥਾਨਕ ਨੌਜਵਾਨਾਂ ਦੇ ਮੌਕੇ ਘੱਟ ਹੋਣਗੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ “ਕੋਝੀ ਚਾਲ” ਦਾ ਡਟਕੇ ਵਿਰੋਧ ਕੀਤਾ ਜਾਵੇ ਅਤੇ ਇਕਜੁੱਟ ਹੋ ਕੇ ਸਰਕਾਰ ਨੂੰ ਜਵਾਬ ਦਿੱਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਅੱਜ ਪੰਜਾਬੀ ਬੋਲੀ ਅਤੇ ਹੱਕਾਂ ’ਤੇ ਹੋ ਰਹੇ ਅਜਿਹੇ ਕਦਮਾਂ ਦਾ ਮੂੰਹਤੋੜ ਜਵਾਬ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਲਈ ਮਾਫ਼ ਨਹੀਂ ਕਰਨਗੀਆਂ। ਪੰਜਾਬੀ ਸਿਰਫ਼ ਇਕ ਭਾਸ਼ਾ ਨਹੀਂ, ਸਗੋਂ ਪੰਜਾਬ ਦੀ ਪਛਾਣ ਹੈ ਤੇ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਫੈਸਲਾ ਕੇਂਦਰੀ ਆਕਾਵਾਂ ਦੇ ਦਬਾਅ ਹੇਠ ਲਿਆ ਗਿਆ ਹੈ, ਤਾਂ ਜੋ ਹੋਰ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਬਾਹਰੀ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਣ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਇਸ ਫੈਸਲੇ ਨੂੰ ਵਾਪਸ ਲਵੇ ਤੇ ਪੰਜਾਬੀ ਭਾਸ਼ਾ ਨੂੰ ਹਰ ਭਰਤੀ ਪ੍ਰਕਿਰਿਆ ਵਿੱਚ ਲਾਜ਼ਮੀ ਬਣਾਇਆ ਜਾਵੇ, ਤਾਂ ਜੋ ਸੂਬੇ ਦੇ ਨੌਜਵਾਨਾਂ ਦੇ ਹੱਕਾਂ ਅਤੇ ਪੰਜਾਬੀਅਤ ਦੀ ਰੱਖਿਆ ਕੀਤੀ ਜਾ ਸਕੇ।