ਪੰਜਾਬ ਖੇਤ ਮਜ਼ਦੂਰ ਸਭਾ ਨੇ ਫੂਕਿਆ ਕੇਂਦਰ ਸਰਕਾਰ ਪੁਤਲਾ
ਪੰਜਾਬ ਖੇਤ ਮਜ਼ਦੂਰ ਸਭਾ ਨੇ ਕੇਂਦਰ ਸਰਕਾਰ ਪੁਤਲਾ ਫੂਕਿਆ
Publish Date: Tue, 31 Mar 2026 05:53 PM (IST)
Updated Date: Wed, 01 Apr 2026 04:07 AM (IST)
-ਮਾਮਲਾ ਰਸੋਈ ਗੈਸ ਸਿਲੰਡਰ ਦੀ ਕਾਲਾਬਾਜ਼ਾਰੀ ਦਾ
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿਚ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਪੇਂਡੂ ਮਜ਼ਦੂਰਾਂ ਨੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਨਰੇਗਾ ਕਾਨੂੰਨ ਨੂੰ ਕਮਜ਼ੋਰ ਕਰਨ ਅਤੇ ਰਸੋਈ ਗੈਸ ਸਿਲੰਡਰਾਂ ਦੀ ਹੋ ਰਹੀ ਕਾਲਾਬਜ਼ਾਰੀ ਦੇ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਮਜ਼ਦੂਰਾਂ ਵੱਲੋਂ ਖਾਲੀ ਸਿਲੰਡਰਾਂ ਨੂੰ ਚੁੱਕ ਕੇ ਕੇਦਰ ਸਰਕਾਰ ਖ਼ਿਲਾਫ਼ ਰੋਸ ਜਾਹਰ ਕੀਤਾ ਗਿਆ। ਇਹ ਰੋਸ ਮੁਜ਼ਾਹਰਾ ਤਲਵੰਡੀ ਸਾਬੋ ਮੁੱਖ ਸੜਕ ’ਤੇ ਕੀਤਾ ਗਿਆ। ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਠਾਕੁਰ ਸਿੰਘ ਅਤੇ ਸਥਾਨਕ ਆਗੂਆਂ ਗੁਰਦੀਪ ਸਿੰਘ, ਅੰਗਰੇਜ ਸਿੰਘ, ਗੁਰਜੰਟ ਸਿੰਘ, ਕਾਕਾ ਸਿੰਘ, ਮਨਜੀਤ ਸਿੰਘ, ਜਗਰੂਪ ਸਿੰਘ ਰੂਪਾ, ਗੋਥਾ ਸਿੰਘ, ਵੀਰਪਾਲ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ ਅਤੇ ਸਚਿਆਰ ਕੌਰ ਨੇ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ।
ਉਨ੍ਹਾਂ ਦੋਸ਼ ਲਾਇਆ ਕਿ ਗੈਸ ਸਿਲੰਡਰਾਂ ਦੀ ਕੋਈ ਘਾਟ ਨਾ ਹੋਣ ਦੇ ਬਾਵਜੂਦ ਜੰਗ ਦਾ ਬਹਾਨਾ ਲਾ ਕੇ ਗੈਸ ਦੀ ਕਾਲਾਬਜ਼ਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗੈਸ ਸਿਲੰਡਰ 2,200 ਤੋਂ 3,000 ਰੁਪਏ ਤਕ ਵੇਚੇ ਜਾ ਰਹੇ ਹਨ। ਮਜ਼ਦੂਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਾਲਾਬਜ਼ਾਰੀ ਬੰਦ ਨਾ ਹੋਈ ਤਾਂ ਗੈਸ ਏਜੰਸੀਆਂ ਦੇ ਘਿਰਾਓ ਕੀਤਾ ਜਾਵੇਗਾ। ਸਥਾਨਕ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਮਿਊਨਿਸਟ ਆਗੂ ਜਗਜੀਤ ਸਿੰਘ ਜੋਗਾ ਨੇ ਪੁਰਾਣਾ ਨਰੇਗਾ ਕਾਨੂੰਨ ਬਹਾਲ ਕਰਨ, ਨਵਾਂ ਜੀ-ਰਾਮ ਐਕਟ ਖਤਮ ਕਰਨ ਅਤੇ ਪਿੰਡਾਂ ਦੇ ਨਾਲ-ਨਾਲ ਛੋਟੇ ਵੱਡੇ ਕਸਬਿਆਂ ਤੇ ਸ਼ਹਿਰਾਂ ਵਿਚ ਵੀ ਨਰੇਗਾ ਸਕੀਮ ਅਧੀਨ ਗਰੀਬਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਨਰੇਗਾ ਦੀ ਦਿਹਾੜੀ ਸਰਕਾਰੀ ਖਜ਼ਾਨੇ ਵਿੱਚੋਂ ਮਿਲਦੀ ਹੈ ਅਤੇ ਘੱਟੋ-ਘੱਟ ਉਜਰਤ 18,000 ਰੁਪਏ ਮਹੀਨੇ ਤੋਂ ਘੱਟ ਨਹੀਂ ਹੋ ਸਕਦੀ। ਇਸਦੇ ਬਾਵਜੂਦ ਮਜ਼ਦੂਰਾਂ ਦੀ ਦਿਹਾੜੀ ਸਿਰਫ਼ 700 ਰੁਪਏ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਵੇਲੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਕਿਸਾਨਾਂ ਨੂੰ ਹਰ ਫਸਲ ‘ਤੇ ਐਮਐਸਪੀ ਦੇ ਅਨੁਸਾਰ ਭੁਗਤਾਨ ਜਲਦੀ ਮਿਲੇਗਾ, ਪਰ ਇਹ ਘੋਸ਼ਣਾ ਕਾਗਜ਼ੀ ਹੀ ਰਹਿ ਗਈ।